ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 2 ਮਈ
ਕਰੋਨਾ ਦੇ ਵੱਧ ਰਹੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹੋਰ ਸਖ਼ਤੀ ਕਰਦੇ ਹੋਏ ਲੌਕਡਾਊਨ ਦੀ ਮਿਆਦ ਹੋਰ ਵਧਾ ਦਿੱਤੀ ਹੈ ਪਰ ਇਹ ਸਖਤੀ ਸ਼ਰਾਬ ਦੇ ਠੇਕੇਦਾਰਾਂ ਨੂੰ ਹਜ਼ਮ ਹੁੰਦੀ ਦਿਖਾਈ ਨਹੀਂ ਦੇ ਰਹੀ, ਜਿਸ ਦੇ ਚੱਲਦਿਆਂ ਸਰਕਲ ਫਤਿਆਬਾਦ ਅਤੇ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇਦਾਰ ਸ਼ਨੀਵਾਰ ਅਤੇ ਐਤਵਾਰ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਦਿੱਤੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਲੌਕਡਾਊਨ ਦੇ ਤੈਅ ਸਮੇਂ ਤੋਂ ਬਾਅਦ ਵੀ ਚੋਰ ਮੋਰੀ ਰਾਹੀਂ ਸ਼ਰਾਬ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ। ਪੁਲੀਸ ਪ੍ਰਸ਼ਾਸਨ ਦੀ ਨੱਕ ਹੇਠ ਸ਼ਰਾਬ ਠੇਕੇਦਾਰ ਆਪਣੇ ਸਿਆਸੀ ਰਸੂਖ ਦੇ ਚੱਲਦਿਆਂ ਸਰਕਾਰ ਦੀਆਂ ਕਰੋਨਾ ਮਹਾਮਾਰੀ ਸਬੰਧੀ ਦਿੱਤੀਆਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਪੁਲੀਸ ਪ੍ਰਸ਼ਾਸਨ ਜਿੱਥੇ ਆਮ ਲੋਕਾਂ ’ਤੇ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਪਰਚੇ ਦਰਜ ਕਰ ਰਿਹਾ ਹੈ, ਉੱਥੇ ਹੀ ਸ਼ਰਾਬ ਠੇਕੇਦਾਰਾਂ ’ਤੇ ਪੁਲੀਸ ਪ੍ਰਸ਼ਾਸਨ ਮਿਹਰਬਾਨ ਦਿਖਾਈ ਦੇ ਰਿਹਾ ਹੈ।
ਕਾਰਵਾਈ ਕਰਾਂਗੇ: ਐੱਸਐੱਸਪੀ
ਇਸ ਸਬੰਧੀ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਕਿਹਾ ਕਿ ਠੇਕੇਦਾਰਾਂ ਦੀ ਲੌਕਡਾਊਨ ਦੌਰਾਨ ਸ਼ਰਾਬ ਵੇਚਣ ਦੀ ਵੀਡੀਓ ਉਨ੍ਹਾਂ ਕੋਲ ਪਹੁੰਚ ਚੁੱਕੀ ਹੈ। ਇਸ ਸਮੇਂ ਕਰੋਨਾ ਦਾ ਸੰਕਟ ਗੰਭੀਰ ਬਣਿਆ ਹੋਇਆ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ, ਜੇਕਰ ਸ਼ਰਾਬ ਠੇਕੇਦਾਰ ਸਰਕਾਰ ਦੀਆਂ ਹਦਾਇਤਾਂ ਦੀ ਪ੍ਰਵਾਹ ਨਹੀਂ ਕਰ ਰਹੇ ਤਾਂ ਸਬੰਧਤ ਠੇਕੇਦਾਰਾਂ ’ਤੇ ਕਾਰਵਾਈ ਹੋਵੇਗੀ, ਜਿਸ ਸਬੰਧੀ ਉਹ ਡੀਐੱਸਪੀ ਗੋਇੰਦਵਾਲ ਸਾਹਿਬ ਕੋਲੋਂ ਰਿਪੋਰਟ ਲੈਣਗੇ।