ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 10 ਮਈ
ਨਵਾਂ ਪਿੰਡ ਅਤੇ ਅੱਡਾ ਡੱਡੂਆਣਾ ਵਿਚ ਕਿਸਾਨਾਂ ਨੇ ਸਰਕਾਰ ਵੱਲੋਂ ਲੌਕਡਾਊਨ ਕਾਰਨ ਬੰਦ ਕਰਵਾਏ ਬਾਜ਼ਾਰ ਖੁੱਲ੍ਹਵਾਏ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂ ਰਾਜਬੀਰ ਸਿੰਘ ਜੋਸਨ ਅਤੇ ਕਾਮਰੇਡ ਲਖਬੀਰ ਸਿੰਘ ਨਿਜਾਮਪੁਰ ਨੇ ਆਪਣੇ ਸਾਥੀਆਂ ਸਣੇ ਕਿਹਾ ਸਰਕਾਰ ਕਰੋਨਾ ਦੇ ਬਹਾਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਨੂੰ ਕਿਸਾਨ ਸੰਯੁਕਤ ਮੋਰਚਾ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭੋਲਾ ਤੀਰਥਪੁਰਾ, ਤਰਸੇਮ ਸਿੰਘ ਨੰਗਲ, ਦਿਆਲ ਸਿੰਘ ਤੇ ਸਾਬਕਾ ਐਸਡੀਓ ਬਲਵੰਤ ਸਿੰਘ ਤੀਰਥਪੁਰਾ ਨੇ ਸੰਬੋਧਨ ਕਰਦਿਆਂ ਆਪਣੇ ਕਾਰੋਬਾਰ ਬਿਨਾ ਕਿਸੇ ਡਰ ਤੋਂ ਖੋਲ੍ਹਣ ਲਈ ਕਿਹਾ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਾਥ ਦੇਣ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਸਰਵਨ ਸਿੰਘ ਜੋਧਪੁਰੀ, ਪ੍ਰਤਾਪ ਸਿੰਘ ਛੀਨਾ, ਅਮਰਜੀਤ ਸਿੰਘ, ਜਗਬੀਰ ਸਿੰਘ, ਮਨਧੀਰ ਸਿੰਘ, ਇਕਬਾਲ ਸਿੰਘ, ਨਿਰਮਲ ਸਿੰਘ ਫ਼ੌਜੀ, ਬਲਦੇਵ ਸਿੰਘ ਨਿਜਾਮਪੁਰਾ, ਅਜੀਤ ਸਿੰਘ ਮਾਨ, ਧਰਮਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਕਿਸਾਨਾਂ ਨਾਲ ਰਲ ਕੇ ਦੁਕਾਨਦਾਰਾਂ ਵੱਲੋਂ ਆਵਾਜ਼ ਬੁਲੰਦ
ਗੜ੍ਹਸ਼ੰਕਰ (ਜੇਬੀ ਸੇਖੋਂ): ਸਰਕਾਰ ਵੱਲੋਂ ਲੌਕਡਾਊਨ ਦੇ ਆਦੇਸ਼ਾਂ ਦੇ ਵਿਰੋਧ ਵਿੱਚ ਅਤੇ ਦੁਕਾਨਦਾਰਾਂ ਦੇ ਹੱਕ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕਾਮਰੇਡ ਦਰਸ਼ਨ ਸਿੰਘ ਮੱਟੂ, ਸ਼ਿੰਗਾਰਾ ਰਾਮ ਭੱਜਲ, ਚੌਧਰੀ ਅੱਛਰ ਬਿਲੜੋਂ, ਰਵਿੰਦਰ ਕੁਮਾਰ ਨੀਟਾ ਦੀ ਅਗਵਾਈ ਹੇਠ ਸ਼ਹਿਰ ਦੇ ਬੰਗਾ ਚੌਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਪਹਿਲਾਂ ਨੋਟਬੰਦੀ, ਫਿਰ ਜੀਐੱਸਟੀ ਅਤੇ ਹੁਣ ਕਰੋਨਾ ਨੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਲੱਕ ਤੋੜ ਦਿੱਤਾ ਹੈ ਪਰ ਸਰਕਾਰ ਇਸ ਵਰਗ ਨੂੰ ਕੋਈ ਮੁਆਵਜ਼ਾ ਦੇਣ ਦੀ ਥਾਂ ਘਰਾਂ ਵਿੱਚ ਡੱਕਣ ਦੇ ਹੁਕਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਦੁਕਾਨਦਾਰਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦੇਣੀ ਚਾਹੀਦੀ ਹੈ। ਇਸ ਮੌਕੇ ਦੁਕਾਨਦਾਰਾਂ ਨੇ ਵੀ ਸਰਕਾਰ ਵਿਰੁੱਧ ਭੜਾਸ ਕੱਢੀ।