ਰਾਜਨ ਮਾਨ
ਮਜੀਠਾ, 1 ਅਗਸਤ
ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਪੰਜਾਬ ਸਰਕਾਰ ਵਲੋਂ ਕਥਿਤ ਤੌਰ ’ਤੇ ਸਿਰਫ ਸੋਸ਼ਲ ਮੀਡੀਆ ਉਪਰ ਕੀਤੇ ਜਾ ਰਹੇ ਦਾਅਵਿਆਂ ਵਿਰੁੱਧ ਕਿਸਾਨਾਂ ਨੇ ਲਾਮਬੰਦ ਹੋ ਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਕਿਸਾਨ ਸੜਕਾਂ ’ਤੇ ਉਤਰ ਆਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੱਜ ਜ਼ੋਨ ਮਜੀਠਾ, ਬਾਬਾ ਬੁੱਢਾ ਜੀ ਅਤੇ ਜ਼ੋਨ ਕੱਥੂਨੰਗਲ ਦੇ ਪਿੰਡਾਂ ਦੀਆਂ ਪਿੰਡ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਦੀ ਮਾਰ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਦੀ ਕਾਰਜਗੁਜ਼ਾਰੀ ਖ਼ਿਲਾਫ਼ 22 ਅਗਸਤ ਨੂੰ ਉਤਰ ਭਾਰਤ ਦੀਆਂ ਜਥੇਬੰਦੀਆਂ ਵੱਲੋ ਚੰਡੀਗੜ੍ਹ ਕੂਚ ਦੇ ਐਲਾਨ ਤਹਿਤ ਜਥੇਬੰਦੀ ਦੀਆਂ ਤਿਆਰੀਆਂ ਦੇ ਪ੍ਰੋਗਰਾਮ ਉਲੀਕੇ ਗਏ ਹਨ| ਅੰਮ੍ਰਿਤਸਰ ਤੋਂ ਸੈਕੜੇ ਟ੍ਰੈਕਟਰ ਟਰਾਲੀਆਂ ਦੇ ਕਾਫਲੇ ਰਵਾਨਾ ਕਰਨ ਲਈ ਪਿੰਡ ਪੱਧਰੀ ਤਿਆਰੀ ਲਈ ਮੀਟਿੰਗਾਂ ਅਤੇ 13 ਅਗਸਤ ਨੂੰ ਬੀਬੀਆਂ ਦੀ ਕਨਵੈਨਸ਼ਨ ਪਿੰਡ ਮਰੜੀ ਨਾਮਦੇਵ ਵਿਖੇ ਕਰਵਾਈ ਜਾਵੇਗੀਆ| ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਲੋਕਾਂ ਦੇ ਬਰਬਾਦ ਹੋਏ ਘਰਾਂ ਦੀ ਮੁਰੰਮਤ ਲਈ 500,000 ਰਾਹਤ ਰਾਸ਼ੀ, ਮਰਨ ਵਾਲੇ ਪਸ਼ੂਆਂ ਦੇ ਪਸ਼ੂ ਮਾਲਕਾਂ ਨੂੰ 1 ਲੱਖ ਰੁਪਏ, ਜਿੰਨ੍ਹਾਂ ਦੇ ਖੇਤ ਦਰਿਆਵਾਂ ਦੇ ਵਹਾਅ ਵਿੱਚ ਰੁੜ੍ਹ ਗਏ ਹਨ ਉਨ੍ਹਾਂ ਲਈ ਵੱਖਰਾ ਰਾਹਤ ਪੈਕੇਜ, ਖੇਤਾਂ ਵਿੱਚ ਦਰਿਆਈ ਪਾਣੀ ਕਾਰਨ ਇੱਕਠੀ ਰੇਤ ਚੁੱਕਣ, ਫਸਲਾਂ ਦੇ ਖਰਾਬੇ ਲਈ 50,000 ਰੁਪਏ ਪ੍ਰਤੀ ਏਕੜ, ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਦਾ ਮੁਆਵਜ਼ਾ, ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਾਰੇ ਕਿਸਾਨ ਮਜ਼ਦੂਰਾਂ ਦੇ ਘਰਾਂ ਦੇ ਬਿਜਲੀ ਬਿੱਲ ਮੁਆਫ ਕਰਨ, ਮਜ਼ਦੂਰਾਂ ਲਈ ਮਨਰੇਗਾ ਦਾ ਕੰਮ ਸ਼ੁਰੂ ਕਰਕੇ ਮਜਦੂਰਾਂ ਨੂੰ ਰੁਜ਼ਗਾਰ ਦੇਣ ਦੀ ਵਿਵਸਥਾ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਆਗੂ ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭੰਗਵਾ, ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਮੇਜ਼ਰ ਸਿੰਘ ਅਬਦੁਲ, ਗੁਰਦੀਪ ਸਿੰਘ ਹਮਜ਼ਾ, ਕਿਰਪਾਲ ਸਿੰਘ ਕਲੇਰ, ਟੇਕ ਸਿੰਘ ਝੰਡੇ, ਕਾਬਲ ਸਿੰਘ ਵਰਿਆਮ ਨੰਗਲ, ਅਵਤਾਰ ਸਿੰਘ ਜਹਾਂਗੀਰ, ਸਰਬਨਿਰੰਜਨ ਸਿੰਘ ਦੋਧਾਲਾ, ਸਵਰਣ ਸਿੰਘ ਕੋਟਲਾ ਤੇ ਗੁਰਦੇਵ ਸਿੰਘ ਮੁਘੋਸੋਹੀ ਆਗੂ ਹਾਜ਼ਰ ਹੋਏ|