ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 8 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਕਸਬਾ ਕਲਾਨੌਰ ਵਿੱਚ ਉਪ ਮੁੱਖ ਮੰਤਰੀ ਤੇ ਪਾਰਟੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਲਈ ਵੋਟਾਂ ਮੰਗੀਆਂ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਪੂਰਨ ਬਹੁਮਤ ਨਾਲ ਫਿਰ ਤੋਂ ਸਰਕਾਰ ਬਣਾਉਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਅਕਾਲੀ ਦਲ ਨੂੰ ਇਸ ਵਾਰ ਵੀ ਮੂੰਹ ਨਹੀਂ ਲਾਉਣਗੇ ਕਿਉਂਕਿ ਪੰਜਾਬ ਦੇ ਲੋੋਕ ਅੱਜ ਵੀ 2012 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਨੂੰ ਨਹੀਂ ਭੁੱਲ ਸਕੇ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਵਰਗੇ ਇਲਜ਼ਾਮ ਵੀ ਲਗਾਏ। ਇਸ ਤੋਂ ਪਹਿਲਾਂ ਚੰਨੀ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਨਤਮਸਤਕ ਹੋਏ।
ਉਨ੍ਹਾਂ ਡੇਰਾ ਬਾਬਾ ਨਾਨਕ ’ਚ ਵੀ ਚੋਣ ਸਭਾ ਨੂੰ ਸੰਬੋਧਨ ਕੀਤਾ। ਸ੍ਰੀ ਚੰਨੀ ਨੇ ਆਪਣੇ 111 ਦਿਨ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਦੱਸਿਆ ਕਿ ਉਹ ਸਿਹਤ, ਸਿੱਖਿਆ ਸਮੇਤ ਹੋਰ ਖੇਤਰਾਂ ਵੱਲ ਵਿਸ਼ੇਸ਼ ਤਵੱਜੋ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਚੁਫੇਰਿਓ ਵਿਕਾਸ ਲਈ ਉਸਦੇ ਮੰਨ ਵਿੱਚ ਲਹੁਤ ਸੁਫ਼ਨੇ ਹਨ, ਜਿਨ੍ਹਾਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਪੰਜਾਬ ਦੇ ਬਾਸ਼ਿੰਦਿਆਂ ਤੋਂ ਪੰਜ ਸਾਲ ਰਾਜ ਕਰਨ ਲਈ ਮੰਗੇ। ਇਸ ਮੌਕੇ ਉਪ ਮੁੱਖ ਮੰਤਰੀ ਰੰਧਾਵਾ ਤੇ ਉਸਦੇ ਭਰਾ ਇੰਦਰਜੀਤ ਸਿੰਘ ਰੰਧਾਵਾ ਨੇ ਵੀ ਹਲਕਾ ਡੇਰਾ ਬਾਬਾ ਨਾਨਕ ’ਚ ਕੀਤੇ ਗਏ ਕੰਮਾਂ ਨੂੰ ਗਿਣਾਇਆ। ਮਗਰੋਂ ਚੰਨੀ ਸੀਮਾ ਨੇੜਲੇ ਕਸਬਾ ਡੇਰਾ ਬਾਬਾ ਨਾਨਕ ’ਚ ਆਏ। ਜਿੱਥੇ ਵੱਡੀ ਞਿਦਤੀ ’ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਭ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਇੱਕ ਮੌਕਾ ਕਾਂਗਰਸ ਪਾਰਟੀ ਨੂੰ ਦਿੱਤਾ ਜਾਵੇ।
ਉਨ੍ਹਾਂ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਕੌਮਾਂਤਰੀ ਸੀਮਾ ਨਾਲ ਲੱਗਦਾ ਹਲਕਾ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਪ ਮੁੱਖ ਮੰਤਰੀ ਸ੍ਰੀ ਰੰਧਾਵਾ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ’ਤੇ ਉਸ ਨੇ ਡੇਰਾ ਬਾਬਾ ਨਾਨਕ ਵਿੱਚ ਰਿਕਾਰਡ ਵਿਕਾਸ ਕਰਵਾਏ। ਉਨ੍ਹਾਂ ਹਾਜ਼ਰੀਨਾਂ ਨੂੰ ਭਰੋਸਾ ਦਿੱਤਾ ਕਿ ਉਸ ਨੂੰ ਫਿਰ ਤੋਂ ਭਾਰੀ ਵੋਟਾਂ ਨਾਲ ਜਿਤਾਇਆ ਜਾਵੇ ਤਾਂ ਜੋ ਸਰਹੱਦੀ ਪਿੰਡਾਂ, ਕਸਬਿਆਂ ਦਾ ਹੋਰ ਵਿਕਾਸ ਕੀਤਾ ਜਾ ਸਕੇ।
5 ਘੰਟੇ ਦੇ ਇੰਤਜਾਰ ਮਗਰੋਂ ਚੰਨੀ ਸਾਹਿਬ ਨੇ ਦਿੱਤੇ ਦੀਦਾਰ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੰਜ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਕਾਂਗਰਸੀ ਵਰਕਰਾਂ ਨੂੰ ਚੰਨੀ ਦੇ ਦੀਦਾਰ ਹੋਏ। ਇੰਤਜ਼ਾਰ ਦੌਰਾਨ ਕਾਂਗਰਸੀ ਆਗੂ ਲੋਕਾਂ ਨੂੰ ਪੰਡਾਲ ’ਚ ਬਿਠਾਈ ਰੱਖਣ ਲਈ ਹਾੜੇ ਕੱਢਦੇ ਰਹੇ। ਕਾਂਗਰਸੀ ਆਗੂ ਇਕੱਠ ਨੂੰ ਪੰਜ ਘੰਟੇ ਤੱਕ ਵਾਰ ਵਾਰ ਚੰਨੀ ਦੇ ਪ੍ਰੋਗਰਾਮ ’ਚ ਪੁੱਜਣ ਦੇ ਹੌਸਲਾ ਦਿੰਦੇ ਰਹੇ। ਅਖੀਰ 5 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸ਼ਾਮ 7 ਵਜੇ ਦੇ ਕਰੀਬ ਕਾਂਗਰਸੀ ਆਗੂਆ ਅਤੇ ਵਰਕਰਾਂ ਨੂੰ ਚੰਨੀ ਦੇ ਦੀਦਾਰ ਹੋਏ। ਇਸ ਮੌਕੇ ਚੰਨੀ ਨੇ ਹਲਕੇ ਦੇ ਲੋਕਾਂ ਨੂੰ ਫਿਰ ਤੋਂ ਕਾਂਗਰਸ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ।
ਚੰਨੀ ਨੇ ਬਟਾਲਾ ਵਿੱਚ ਸੇਖੜੀ ਲਈ ਵੋਟਾਂ ਮੰਗੀਆਂ
ਬਟਾਲਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਟਾਲਾ ਵਿੱਚ ਪਾਰਟੀ ਉਮੀਦਵਾਰ ਅਸ਼ਵਨੀ ਸੇਖੜੀ ਲਈ ਵੋਟਾਂ ਮੰਗਦਿਆਂ ਕਿਹਾ ਕਿ ਕਾਂਗਰਸ ਹੀ ਦੇਸ਼ ਤੇ ਪੰਜਾਬ ਲਈ ਫਿਕਰਮੰਦ ਹੈ। ਦਿਲਚਸਪ ਗੱਲ ਇਹ ਰਹੀ ਕਿ ਕਾਂਗਰਸ ਦੇ ਤਿੰਨ ਧੜੇ ਜੋ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਸ਼ਵਨੀ ਸੇਖੜੀ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਧੜਾ ਅੱਜ ਇੱਕ ਮੰਚ ’ਤੇ ਦਿਖਾਈ ਦਿੱਤੇ। ਇਸ ਮੌਕੇ ਚੰਨੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਲੋਕ ਕਾਂਗਰਸ ਦੀ ਸਰਕਾਰ ਫਿਰ ਤੋਂ ਬਣਾ ਰਹੇ ਹਨ। ਇਸ ਲਈ ਸਨਅਤੀ ਨਗਰ ਬਟਾਲਾ ਦੀ ਜਿੱਥੇ ਨੁਹਾਰ ਬਦਲੀ ਜਾਵੇਗੀ, ਉਥੇ ਇਸ ਹਲਕੇ ਅਧੀਨ ਆਉਂਦੇ ਪਿੰਡਾਂ ,ਕਸਬਿਆਂ ਨੂੰ ਵੀ ਅਧੁਨਿਕ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਮੰਚ ’ਤੇ ਹਾਜ਼ਰ ਸਭ ਪਾਰਟੀ ਆਗੂਆਂ ਨੂੰ ਆਪਸੀ ਮੱਤਭੇਦ ਦੂਰ ਕਰਕੇ ਕਾਂਗਰਸ ਲਈ ਇੱਕਜੁੱਟ ਹੋ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਲੋਕ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ, ਭਾਜਪਾ,‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਲੀਡਰ ਲੋਕਾਂ ਨੂੰ ਵਿਕਾਸ ਦੇ ਨਾਂ ’ਤੇ ਗੁੰਮਰਾਹ ਕਰ ਰਹੇ ਹਨ। ਜਦੋਂਕਿ ਕਾਂਗਰਸ ਹੀ ਅਜਿਹੀ ਧਿਰ ’ਤੇ ਜੋ ਸਭ ਧਰਮਾ ਤੇ ਭਾਈਚਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੰਦੀ ਹੈ। ਉਨ੍ਹਾਂ ਪੰਜਾਬ ਵਿੱਚ ਫਿਰ ਤੋਂ ਕਾਂਗਰਸ ਸਰਕਾਰ ਬਣਨ ਦਾ ਦਾਅਵਾ ਕੀਤਾ।