ਐੱਨ.ਪੀ. ਧਵਨ
ਪਠਾਨਕੋਟ, 31 ਜੁਲਾਈ
ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਪੈਂਦੇ ਅਖੀਰਲੇ ਪਿੰਡ ਸਿੰਬਲ ਸਕੋਲ ਦੇ ਵਾਸੀਆਂ ਨੂੰ ਆਜ਼ਾਦੀ ਦੇ 73 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਪੱਕਾ ਪੁਲ ਨਸੀਬ ਨਹੀਂ ਹੋਇਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮੂਹਰੇ ਤਰਨਾਹ ਨਾਲਾ ਪੈਂਦਾ ਹੈ ਜੋ ਪਾਕਿਸਤਾਨ ਵੱਲੋਂ ਦਾਖ਼ਲ ਹੁੰਦਾ ਹੈ। ਇਸ ਪਿੰਡ ਨੂੰ ਜਾਣ ਲਈ ਤਰਨਾਹ ਨਾਲੇ ਨੂੰ ਪਾਰ ਕਰਨਾ ਪੈਂਦਾ ਹੈ ਜਿਸ ਉੱਪਰ ਪੈਨਟੂਨ ਪੁਲ ਬਣਿਆ ਹੋਇਆ ਹੈ ਪਰ ਇਹ ਪੁਲ ਬਰਸਾਤਾਂ ਦੇ ਮਹੀਨਿਆਂ ਵਿੱਚ ਤਿੰਨ ਮਹੀਨੇ ਲਈ ਚੁੱਕ ਦਿੱਤਾ ਜਾਂਦਾ ਹੈ। ਅੱਜਕੱਲ੍ਹ ਇਹ ਪੁਲ ਚੁੱਕ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਊੱਥੇ ਰੱਖੀ ਇੱਕੋ-ਇੱਕ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਜੋ ਟੁੱਟੀ ਹੋਈ ਹੈ ਜਿਸ ਕਰ ਕੇ ਉਸ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਨਾਲਾ ਪਾਰ ਕਰਦੇ ਸਮੇਂ ਹਰ ਵੇਲੇ ਡੁੱਬਣ ਦਾ ਡਰ ਲੱਗਿਆ ਰਹਿੰਦਾ ਹੈ।
ਇਸ ਤਰ੍ਹਾਂ ਇੱਕ ਟੁੱਟੀ ਹੋਈ ਬੇੜੀ ਦੇ ਸਹਾਰੇ ਜ਼ਿੰਦਗੀ ਦਾਅ ’ਤੇ ਲਗਾ ਕੇ ਉਹ ਪਿੰਡ ਵਿੱਚ ਦਾਖ਼ਲ ਹੁੰਦੇ ਹਨ। ਜੇਕਰ ਮੀਂਹ ਜ਼ਿਆਦਾ ਪੈ ਜਾਵੇ ਤਾਂ ਬੇੜੀ ਵੀ ਚੁੱਕ ਲਈ ਜਾਂਦੀ ਹੈ ਅਤੇ ਉਹ ਪੂਰੀ ਤਰ੍ਹਾਂ ਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟੇ ਜਾਂਦੇ ਹਨ। ਪਿੰਡ ਦੇ ਨੌਕਰੀ-ਪੇਸ਼ਾ ਲੋਕ ਤੇ ਸਕੂਲਾਂ ਨੂੰ ਜਾਣ ਵਾਲੇ ਬੱਚੇ ਆਪੋ-ਆਪਣੇ ਕੰਮਾਂ-ਕਾਰਾਂ ਤੇ ਸਕੂਲ-ਕਾਲਜ ਨਹੀਂ ਜਾ ਪਾਊਂਦੇ ਹਨ। ਜੇਕਰ ਇਨ੍ਹੀਂ ਦਿਨੀਂ ਕੋਈ ਜ਼ਿਆਦਾ ਬਿਮਾਰ ਹੋ ਜਾਵੇ ਤਾਂ ਰੱਬ ਭਰੋਸੇ ਹੀ ਰਹਿੰਦਾ ਹੈ। ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਸੁਵਿਧਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਭਾਵੇਂ ਕਿ ਦੇਸ਼ ਆਜ਼ਾਦ ਹੋ ਚੁੱਕਾ ਹੈ ਪਰ ਉਹ ਅਜੇ ਵੀ ਗੁਲਾਮਾਂ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
ਦਰਿਆ ਬੁਰਦ ਹੋਣ ਤੋਂ ਬਚਾਉਣ ਲਈ ਲਾਈਆਂ ਰੋਕਾਂ ਦਾ ਜਾਇਜ਼ਾ
ਭੁਲੱਥ (ਦਲੇਰ ਸਿੰਘ ਚੀਮਾ): ਕਸਬਾ ਬੇਗੋਵਾਲ ਦੇ ਸਾਹਮਣੇ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਬਿਆਸ ਦਰਿਆ ਦੇ ਪਾਣੀ ਵੱਲੋਂ ਲਗਾਈ ਗਈ ਢਾਹ ਸਬੰਧੀ ਖ਼ਬਰਾਂ ਮੀਡੀਆ ’ਚ ਆਊਣ ਤੋਂ ਬਾਅਦ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਛੇ ਨਵੀਆਂ ਰੋਕਾਂ ਲਗਾਈਆਂ ਗਈਆਂ ਹਨ ਤੇ ਦੋ ਪੁਰਾਣੀਆਂ ਰੋਕਾਂ ਦੀ ਮੁਰੰਮਤ ਕੀਤੀ ਗਈ ਹੈ। ਬਿਆਸ ਦਰਿਆ ’ਤੇ ਮੌਕੇ ਦਾ ਜਾਇਜ਼ਾ ਲੈਂਦਿਆਂ ਅਮਨਦੀਪ ਸਿੰਘ ਗੋਰਾ ਗਿੱਲ ਤੇ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਛਪਾਲ ਸਿੰਘ ਬੱਚਾ ਜੀਵੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਵੱਲੋਂ ਦਰਿਆ ਬੁਰਦ ਹੋ ਰਹੀ ਜ਼ਮੀਨ ਬਾਰੇ ਸਰਕਾਰ ਨੂੰ ਭੇਜੀ ਗਈ ਰਿਪੋਰਟ ’ਤੇ ਅਮਲ ਕਰਦਿਆਂ ਡਰੇਨੇਜ ਵਿਭਾਗ ਨੂੰ ਇਕ ਕਰੋੜ ਰੁਪਏ ਜਾਰੀ ਕੀਤੇ ਗਏ ਸਨ ਜਿਸ ਨਾਲ ਪਾਣੀ ਦੀ ਸੇਧ ਬਦਲਣ ਲਈ ਪੱਥਰ ਦੀਆਂ ਛੇ ਨਵੀਆਂ ਰੋਕਾਂ ਲਗਾਈਆਂ ਗਈਆਂ ਹਨ ਜਦੋਂਕਿ ਦੋ ਪੁਰਾਣੀਆਂ ਦੀ ਮੁਰੰਮਤ ਕੀਤੀ ਗਈ ਹੈ। ਅੱਜ ਮੌਕੇ ’ਤੇ ਕਿਸਾਨਾਂ ਨੇ ਪਾਣੀ ਦੇ ਦਬਾਅ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੇ ਵੀ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਕਿਉਂਕਿ ਪਾਣੀ ਨੇ ਕਈ ਹੋਰ ਥਾਵਾਂ ’ਤੇ ਦਬਾਅ ਬਣਾਇਆ ਹੋਇਆ ਹੈ ਇਸ ਕਰਕੇ ਹੋਰ ਰੋਕਾਂ ਦੀ ਲੋੜ ਹੈ। ਆਗੂਆਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਤੇ ਹੋਰ ਰਕਮ ਮਨਜ਼ੂਰ ਕਰਵਾ ਕੇ ਖੇਤੀ ਵਾਲੀ ਜ਼ਮੀਨ ਅਤੇ ਆਬਾਦੀ ਨੂੰ ਬਚਾਇਆ ਜਾਵੇਗਾ। ਇਸ ਮੌਕੇ ਸਟੀਫ਼ਨ ਕਾਲਾ, ਮਾਸਟਰ ਬਲਕਾਰ ਸਿੰਘ ਮੰਡਕੁਲਾ, ਹਰਵਿੰਦਰ ਸਿੰਘ ਜੈਦ ਤੇ ਹੋਰ ਹਾਜ਼ਰ ਸਨ।