ਕੇ.ਪੀ ਸਿੰਘ
ਗੁਰਦਾਸਪੁਰ, 21 ਦਸੰਬਰ
ਇਥੇ ਸ਼ਾਦੀਸ਼ੁਦਾ ਔਰਤ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸਿਮਰਨ (35) ਉਰਫ਼ ਰਮਾ ਵਜੋਂ ਹੋਈ ਹੈ। ਧਾਰੀਵਾਲ ਪੁਲੀਸ ਸਟੇਸ਼ਨ ਇਕ ਨੌਜਵਾਨ ਅਤੇ ਉਸ ਦੀ ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਮਾਤਾ ਰਾਜ ਕੁਮਾਰੀ ਨੇ ਦੱਸਿਆ ਕਿ ਸਿਮਰਨ ਦਾ ਵਿਆਹ ਦੱਸ ਸਾਲ ਪਹਿਲਾਂ ਜੇਮਜ਼ ਨਾਲ ਹੋਇਆ ਸੀ ਤੇ ਉਨ੍ਹਾਂ ਦੀ 8 ਸਾਲ ਦੀ ਲੜਕੀ ਹੈ। ਜੇਮਜ਼, ਮਲੇਸ਼ੀਆ ਵਿੱਚ ਕੰਮ ਕਰਦਾ ਹੈ ਜਦਕਿ ਸਿਮਰਨ ਪ੍ਰਾਈਵੇਟ ਨੌਕਰੀ ਕਰਦੀ ਸੀ। ਇਸ ਦੌਰਾਨ ਸਿਮਰਨ ਦੇ ਨਵਾਂ ਪਿੰਡ ਨਿਵਾਸੀ ਦੀਪਕ ਪਾਲ ਪੁੱਤਰ ਮਾਰਕਸ ਨਾਲ ਸਬੰਧ ਬਣ ਗਏ। ਹੁਣ ਜਦੋਂ ਦੀਪਕ ਦਾ ਰਿਸ਼ਤਾ ਤੈਅ ਹੋਇਆ ਤਾਂ ਸਿਮਰਨ ਨੇ ਦੀਪਕ ’ਤੇ ਦਬਾਅ ਪਾਇਆ ਕਿ ਉਹ ਵਿਆਹ ਨਾ ਕਰਵਾ ਕੇ ਉਸ ਨਾਲ ਹੀ ਰਹੇ ਪਰ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਐਤਵਾਰ ਨੂੰ ਸਿਮਰਨ ਦੀਪਕ ਦੇ ਘਰ ਚਲੀ ਗਈ ਅਤੇ ਕਹਿਣ ਲੱਗੀ ਕਿ ਉਹ ਹੁਣ ਇੱਥੇ ਹੀ ਰਹੇਗੀ। ਇਸ ’ਤੇ ਦੀਪਕ ਅਤੇ ਉਸ ਦੀ ਮਾਂ ਨੇ ਸਿਮਰਨ ਨੂੰ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਗ਼ੁੱਸੇ ਵਿੱਚ ਆਈ ਸਿਮਰਨ ਨੇ ਉੱਥੇ ਹੀ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।