ਪੱਤਰ ਪ੍ਰੇਰਕ
ਤਰਨ ਤਾਰਨ, 14 ਅਪਰੈਲ
ਵਿਆਹ ਕਰਵਾ ਕੇ ਵਿਦੇਸ਼ ਚਲੇ ਗਈ ਲੜਕੀ ਆਪਣੇ ਸਹੁਰਾ ਪਰਿਵਾਰ ਨਾਲ 27 ਲੱਖ ਰੁਪਏ ਦੀ ਠੱਗੀ ਮਾਰ ਕੇ ਉਨ੍ਹਾਂ ਨਾਲੋਂ ਸੰਪਰਕ ਤੋੜ ਗਈ| ਮਾਮਲੇ ਦੇ ਪੀੜਤ ਤਰਨ ਤਾਰਨ ਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਲੜਕੀ ਸਿਮਰਨ ਢੀਂਗਰਾ ਦਾ ਵਿਆਹ ਉਸ ਦੇ ਲੜਕੇ ਜਸਦੀਪ ਸਿੰਘ ਨੂੰ ਵਿਦੇਸ਼ ਜਾ ਕੇ ਉਥੇ ਬੁਲਾਉਣ ਦੀ ਸ਼ਰਤ ’ਤੇ ਹੋਇਆ ਸੀ| 30 ਦਸੰਬਰ, 2018 ਨੂੰ ਵਿਆਹ ਕਰਵਾਉਣ ਉਪਰੰਤ ਸਿਮਰਨ ਢੀਂਗਰਾ ਆਪਣੇ ਸਹੁਰਾ ਪਰਿਵਾਰ ਦੇ ਖਰਚੇ ’ਤੇ ਵਿਦੇਸ਼ ਚਲੇ ਗਈ| ਉਸ ਨੇ ਵਿਦੇਸ਼ ਜਾਣ ਉਪਰੰਤ 18 ਫਰਵਰੀ, 2020 ਤੱਕ ਆਪਣੇ ਸਹੁਰਾ ਪਰਿਵਾਰ ਕੋਲੋਂ 27 ਲੱਖ ਰੁਪਏ ਮੰਗਵਾ ਲਏ| ਇਸ ਦੇ ਛੇਤੀ ਬਾਅਦ ਹੀ ਉਸ ਨੇ ਆਪਣੇ ਸਹੁਰਾ ਪਰਿਵਾਰ ਨਾਲੋਂ ਨਾਤਾ ਤੋੜ ਲਿਆ| ਇਸ ਦੇ ਨਾਲ ਹੀ ਸਿਮਰਨ ਢੀਂਗਰਾ ਦੀ ਮਾਤਾ ਗੁਰਮੀਤ ਕੌਰ ਨੇ ਚਰਨਜੀਤ ਸਿੰਘ ਦੇ ਪਰਿਵਾਰ ਖਿਲਾਫ਼ ਦਹੇਜ ਦੀ ਮੰਗ ਕਰਨ ਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ| ਚਰਨਜੀਤ ਸਿੰਘ ਵਲੋਂ ਉਸ ਨਾਲ 27 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਤੱਥਾਂ ਸਮੇਤ ਪੁਲੀਸ ਨੂੰ ਕੀਤੀ ਸ਼ਿਕਾਇਤ ’ਤੇ ਸਿਮਰਨ ਢੀਂਗਰਾ ਅਤੇ ਉਸ ਦੀ ਮਾਤਾ ਗੁਰਮੀਤ ਕੌਰ ਖਿਲਾਫ਼ ਥਾਣਾ ਸਿਟੀ ਦੀ ਪੁਲੀਸ ਵਲੋਂ ਧਾਰਾ 420, 120-ਬੀ ਅਧੀਨ ਕੇਸ ਦਰਜ ਕੀਤਾ ਹੈ| ਕੇਸ ਦੀ ਅਗਲੇਰੀ ਪੜਤਾਲ ਏਐਸਆਈ ਗੁਰਮੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ|