ਗੁਰਬਖ਼ਸ਼ਪੁਰੀ
ਤਰਨ ਤਾਰਨ, 22 ਨਵੰਬਰ
ਪੰਜਾਬ ਬਾਰਡਰ ਕਿਸਾਨ ਯੂਨੀਅਨ ਵੱਲੋਂ ਅੱਜ ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਦੇ ਗੁਰਦੁਆਰਾ ਗੁਰੂਸਰ ਸਾਹਿਬ ਕਿਸਾਨਾਂ ਦੀ ਇਕ ਮੀਟਿੰਗ ਕਰਕੇ ਦੇਸ਼ ਦੇ ਕਿਸਾਨਾਂ ਦੀਆਂ 500 ਦੇ ਕਰੀਬ ਜਥੇਬੰਦੀਆਂ ਵੱਲੋਂ 26 ਨਵੰਬਰ ਨੂੰ ‘ਦਿੱਲੀ ਜਾਣ’ ਦੀ ਹਮਾਇਤ ਕਰਦਿਆਂ ਖੁਦ ਵੀ ਕਿਸਾਨਾਂ ਸਮੇਤ ਸ਼ਾਮਲ ਹੋਣ ਦਾ ਐਲਾਨ ਕੀਤਾ| ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਸੰਬੋਧਨ ਕੀਤਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਰਜਵੰਤ ਸਿੰਘ ਪੱਤੂ, ਅਵਤਾਰ ਸਿੰਘ ਮਿਸਤਰੀ, ਅੰਗਰੇਜ਼ ਸਿੰਘ ਡੱਲ, ਹਰਜਿੰਦਰ ਸਿੰਘ ਭੰਬਾ, ਪਰਮਜੀਤ ਸਿੰਘ ਡੱਲ, ਹਰਪਾਲ ਸਿੰਘ ਪੱਤੂ ਨੇ ਵੀ ਸੰਬੋਧਨ ਕੀਤਾ|
ਬਲਾਚੌਰ (ਸੁਭਾਸ਼ ਜੋਸ਼ੀ): ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਸਬਾ ਮਜਾਰੀ ਲਾਗੇ ਹਾਈਵੇਅ ’ਤੇ ਲੱਗੇ ਟੌਲ ਟੈਕਸ ’ਤੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ 26-27 ਨਵੰਬਰ ਨੂੰ ਦਿੱਲੀ ਕੂਚ ਕਰਨ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਵਲੋਂ ਵੱਖ ਵੱਖ ਪਿੰਡਾਂ ’ਚੋਂ ਕਿਸਾਨਾਂ ਦੇ ਦਿੱਲੀ ਜਾਣ ਲਈ ਟਰਾਲੀਆਂ ਉਨ੍ਹਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕਰਨ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਅੱਜ ਦੇ ਧਰਨੇ ਵਿਚ ਪਿੰਡ ਜਾਡਲੀ ਅਤੇ ਪਿੰਡ ਭਨੂੰ ਦੇ ਕਿਸਾਨਾਂ ਦੇ ਜਥੇ ਪਹੁੰਚੇ। ਇਸ ਮੌਕੇ ਅਵਤਾਰ ਸਿੰਘ ਸਾਹਦੜਾ, ਹਰਜੀਤ ਸਿੰਘ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ, ਜਸਪਾਲ ਸਿੰਘ ਜਾਡਲੀ, ਹਰੀਪਾਲ ਸਿੰਘ ਜਾਡਲੀ ਡਾਇਰੈਕਟਰ ਸ਼ੂਗਰਫੈਡ ਪੰਜਾਬ, ਬਲਜੀਤ ਸਿੰਘ ਆਦਿ ਹਾਜ਼ਰ ਸਨ।
ਮਾਨਸਰ (ਪੱਤਰ ਪੇ੍ਰਕ): ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕਿਸਾਨ ਆਗੂ ਧਰਮਿੰਦਰ ਸਿੰਘ ਸਿੰਬਲੀ ਦੀ ਅਗਵਾਈ ਹੇਠ ਦਰਜਨ ਤੋਂ ਵੱਧ ਪਿੰਡਾਂ ਵਿੱਚ ਬੈਠਕਾਂ ਕਰਕੇ ਕਿਸਾਨਾਂ ਨੂੰ 26 ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਤਹਿਤ ਲਾਮਬੰਦ ਕੀਤਾ ਗਿਆ। ਕਿਸਾਨ ਆਗੂ ਸ਼ਿਵ ਕੁਮਾਰ ਤਲਵਾੜਾ, ਮਾਸਟਰ ਸਵਰਨ ਸਿੰਘ, ਗਿਆਨ ਚੰਦ ਗੁਪਤਾ ਨੇ 26 ਨਵੰਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਕਿਸਾਨਾਂ ਦੀ ਹਮਾਇਤ ਵਿੱਚ ਕੇਂਦਰ ਸਰਕਾਰ ਦੀ ਅਰਥੀ ਸਾੜੀ
ਤਰਨ ਤਾਰਨ (ਪੱਤਰ ਪੇ੍ਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕੌਮੀ ਸ਼ਾਹ ਮਾਰਗ ਨੰਬਰ 54 ਤੇ ਉਸਮਾਂ ਦੇ ਟੌਲ ਪਲਾਜ਼ਾ ’ਤੇ ਦਿੱਤੇ ਜਾ ਰਹੇ ਧਰਨੇ ਦੇ ਅੱਜ 50ਵੇਂ ਦਿਨ ਦੀ ਅਗਵਾਈ ਕੰਬਾਈਨ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਅਮਰਜੋਤ ਸਿੰਘ ਦੀਨੇਵਾਲ ਨੇ ਕੀਤੀ| ਧਰਨਾਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ਼ ਵਿਖਾਵਾ ਕੀਤਾ ਅਤੇ ਸਰਕਾਰ ਦੀ ਅਰਥੀ ਵੀ ਸਾੜੀ| ਇਸ ਧਰਨੇ ਵਿੱਚ ਕੰਬਾਈਨਾਂ ਵਾਲਿਆਂ ਤੋਂ ਇਲਾਵਾ ਸਾਬਕਾ ਫੌਜੀਆਂ, ਵਕੀਲਾਂ, ਆਮ ਇਲਾਕਾ ਵਾਸੀਆਂ ਆਦਿ ਨੇ ਵੀ ਸ਼ਿਰਕਤ ਕੀਤੀ| ਧਰਨਾਕਾਰੀਆਂ ਨੂੰ ਸਾਬਕਾ ਫੌਜੀਆਂ ਦੇ ਆਗੂ ਪ੍ਰਗਟ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ, ਕੰਬਾਈਨ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਤੇਜਾ ਸਿੰਘਵਾਲਾ, ਵਕੀਲਾਂ ਦੇ ਆਗੁੂ ਹੀਰਾ ਸਿੰਘ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਜਾਣ ਦੀ ਹਮਾਇਤ ਕੀਤੀ ਅਤੇ ਇਸ ਲਈ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਯਕੀਨ ਦਿੱਤਾ| ਪੁਤਲਾ ਸਾੜਦਿਆਂ ਜਥੇਬੰਦੀਆਂ ਦੇ ਵਰਕਰਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ|।
ਲੇਖਕਾਂ ਵੱਲੋਂ ਧਰਨੇ ਮੌਕੇ ਕਿਸਾਨ ਪੱਖੀ ਕਵਿਤਾਵਾਂ ਪੇਸ਼
ਗੜ੍ਹਸ਼ੰਕਰ (ਜੇ.ਬੀ.ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸਥਾਨਕ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਦਿੱਤੇ ਜਾ ਰਹੇ ਧਰਨੇ ’ਤੇ ਅੱਜ 27ਵੇਂ ਦਿਨ ਖੇਤਰ ਦਾ ਸਾਹਿਤਕ ਜਥੇਬੰਦੀ ਦੋਆਬਾ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਦੀ ਅਗਵਾਈ ਹੇਠ ਲੇਖਕ ਭਾਈਚਾਰੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਸਾਨ ਪੱਖੀ ਕਵਿਤਾਵਾਂ ਪੇਸ਼ ਕਰਕੇ ਮਾਹੌਲ ਬੰਨ੍ਹ ਦਿੱਤਾ। ਇਸ ਮੌਕੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੌਰਾਨ ਕੇਂਦਰ ਸਰਕਾਰ ’ਤੇ ਖੂਬ ਨਿਸ਼ਾਨੇ ਕੱਸੇ ਅਤੇ ਦੇਸ਼ ਦੇ ਅੰਨਦਾਤਾ ਦੀ ਸਿਫਤ ਕਰਦਿਆਂ ਸੰਘਰਸ਼ ਦੀ ਪ੍ਰੋੜ੍ਹਤਾ ਕੀਤੀ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਗੁਰਨੇਕ ਭੱਜਲ ਨੇ ਲੇਖਕਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਹਾਜ਼ਰ ਕਵੀਆਂ ਵਿੱਚ ਮਨੋਜ ਫਗਵਾੜਾ, ਮੁਕੇਸ਼ ਗੁਜਰਾਤੀ, ਜਸਵੀਰ ਬੇਗਮਪੁਰੀ, ਅਵਤਾਰ ਸੰਧੂ, ਸੰਤੋਖ ਸਿੰਘ ਵੀਰ, ਸਰਵਣ ਸਿੱਧੂ, ਤਰਨਜੀਤ ਅਤੇ ਸੇਵਾ ਸਿੰਘ ਨੂਰਪੁਰੀ ਹਾਜ਼ਰ ਸਨ।