ਪੱਤਰ ਪ੍ਰੇਰਕ
ਕਾਹਨੂੰਵਾਨ, 14 ਮਈ
ਇੱਥੇ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਨਿੱਜੀ ਮੈਡੀਕਲ ਸਟੋਰਾਂ ’ਤੇ ਮਹਿੰਗੇ ਭਾਅ ਵਿੱਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਥਾਨਕ ਵਾਸੀ ਸੋਨੂ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਮਾਤਾ ਦੀ ਸਿਹਤ ਠੀਕ ਨਾ ਹੋਣ ਕਰਕੇ ਜਾਂਚ ਲਈ ਕਮਿਊਨਿਟੀ ਹੈਲਥ ਸੈਂਟਰ ਭੈਣੀ ਮੀਆਂ ਖਾਂ ਵਿਖੇ ਲੈ ਕੇ ਗਿਆ ਸੀ ਜਿੱਥੇ ਡਾਕਟਰ ਨੇ ਮਾਤਾ ਦੀ ਸਿਹਤ ਦੀ ਜਾਂਚ ਕਰ ਕੇ ਉਨ੍ਹਾਂ ਲਈ ਲੋੜੀਂਦੀ ਦਵਾਈ ਲਿਖ ਦਿੱਤੀ ਅਤੇ ਕੁੱਝ ਟੈਸਟ ਵੀ ਕਰਵਾਏ ਗਏ। ਸਿਹਤ ਕਾਮਿਆਂ ਨੇ ਸਲਾਹ ਦਿੱਤੀ ਕਿ ਜੇਕਰ ਸਿਹਤ ਸਬੰਧੀ ਟੈਸਟਾਂ ਦੀ ਰਿਪੋਰਟ ਜਲਦੀ ਲੈਣੀ ਹੈ ਤਾਂ ਇਹ ਟੈਸਟ ਅਤੇ ਦਵਾਈਆਂ ਬਾਹਰ ਤੋਂ ਲੈ ਲੈਣ। ਇਸ ਤੋਂ ਬਾਅਦ ਉਸ ਨੇ ਸਿਹਤ ਕੇਂਦਰ ਦੇ ਸਾਹਮਣੇ ਇੱਕ ਨਿੱਜੀ ਮੈਡੀਕਲ ਸਟੋਰ ਤੋਂ ਲੋੜੀਂਦੀ ਦਵਾਈ ਲੈ ਲਈ ਅਤੇ ਸਿਹਤ ਸਬੰਧੀ ਟੈਸਟ ਵੀ ਕਰਵਾ ਲਏ। ਜਦੋਂ ਉਨ੍ਹਾਂ ਨੇ ਇਹ ਦਵਾਈ ਪਿੰਡੇ ਜਾ ਕੇ ਇੱਕ ਸਿਹਤ ਕਰਮੀ ਨੂੰ ਦਿਖਾਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਦਵਾਈ ਸਰਕਾਰੀ ਹਸਪਤਾਲ ਤੋਂ ਮੁਫ਼ਤ ਵਿੱਚ ਮਿਲਣ ਵਾਲੀ ਦਵਾਈ ਹੈ ਅਤੇ ਉਨ੍ਹਾਂ ਨੇ ਇਹ ਦਵਾਈ ਮਹਿੰਗੇ ਭਾਅ ’ਤੇ ਬਾਹਰ ਤੋਂ ਖ਼ਰੀਦੀ ਹੈ। ਇਸ ਸਬੰਧੀ ਐੱਸਐੱਮਓ ਲਲਿਤ ਮੋਹਣ ਨੇ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਅਤੇ ਨਾ ਹੀ ਅਜਿਹੀ ਕੋਈ ਬੇਨਿਯਮੀ ਉਨ੍ਹਾਂ ਦੇ ਹਸਪਤਾਲ ਵਿੱਚ ਹੋ ਰਹੀ ਹੈ। ਸਿਵਲ ਸਰਜਨ ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਕਿਸੇ ਵੀ ਸਿਹਤ ਕੇਂਦਰ ਵਿੱਚ ਅਜਿਹੀ ਕੋਈ ਵੀ ਬੇਨਿਯਮੀ ਨਹੀਂ ਕੀਤੀ ਜਾ ਰਹੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਅਜਿਹੀ ਬੇਨਿਯਮੀ ਨੂੰ ਬੇਨਕਾਬ ਕਰਨ ਲਈ ਪੜਤਾਲ ਕਰਨ ਦੀ ਹਦਾਇਤ ਕਰਨਗੇ।