ਪੱਤਰ ਪ੍ਰੇਰਕ
ਧਾਰੀਵਾਲ, 5 ਮਾਰਚ
ਥਾਣਾ ਧਾਰੀਵਾਲ ਦੀ ਪੁਲੀਸ ਨੇ ਲੜਕੀ ਵੱਲੋਂ ਵਿਆਹ ਕਰਵਾ ਕੇ ਟਰੈਵਲ ਏਜੰਟ ਅਤੇ ਦੋ ਹੋਰਾਂ ਨਾਲ ਮਿਲੀਭੁਗਤ ਕਰ ਕੇ ਸਹੁਰਾ ਪਰਿਵਾਰ ਨਾਲ 10 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਵਿਆਹੁਤਾ ਲੜਕੀ ਅਤੇ ਏਜੰਟ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਗੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਾਹਲਵਾਂ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਉਸ ਦੇ ਲੜਕੇ ਲਵਪ੍ਰੀਤ ਸਿੰਘ ਦਾ ਵਿਆਹ 28 ਨਵੰਬਰ 2019 ਨੂੰ ਪਵਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਜੱਫਰਵਾਲ ਨਾਲ ਹੋਇਆ ਸੀ। ਪਵਨਦੀਪ ਕੌਰ ਨੇ ਆਈਲੈਟਸ ਦੇ ਬੈਂਡ ਦੇ ਆਧਾਰ ’ਤੇ ਏਜੰਟ ਅਨੂਪ ਸਿੰਘ ਵਾਸੀ ਬਟਾਲਾ ਤੋਂ ਆਫਰ ਲੈਟਰ ਹਾਸਲ ਕਰ ਕੇ ਸਤਨਾਮ ਸਿੰਘ ਵਾਸੀ ਕਾਦੀਆਂ ਤੇ ਅਭਿਨਵ ਮਹਾਜਨ ਵਾਸੀ ਬਟਾਲਾ ਨਾਲ ਮਿਲੀ ਭੁਗਤ ਕਰ ਕੇ ਸਹੁਰਾ ਪਰਿਵਾਰ ਪਾਸੋਂ ਕੁੱਲ 10 ਲੱਖ 50 ਹਜ਼ਾਰ ਰੁਪਏ ਆਪਣੇ ਬੈਂਕ ਖਾਤੇ ਵਿੱਚ ਪੁਆ ਲਏ। ਉਸ ਨੇ ਸ਼ਿਕਾਇਤਕਰਤਾ ਦੇ ਪੁੱਤਰ ਦੇ ਦਸਤਾਵੇਜ਼ ਵੀ ਲੈ ਲਏ। ਵਿਆਹ ਤੋਂ ਇਕ ਮਹੀਨੇ ਮਗਰੋਂ ਲਵਪ੍ਰੀਤ ਸਿੰਘ ਨੇ ਆਪਣੀ ਪਤਨੀ ਪਵਨਦੀਪ ਕੌਰ ਤੋਂ ਵਿਆਹ ਰਜਿਸਟਰ ਕਰਵਾਉਣ ਲਈ ਆਪਣੇ ਦਸਤਾਵੇਜ਼ ਮੰਗੇ ਤਾਂ ਉਹ ਬਹਾਨੇ ਲਗਾਉਂਦੀ ਰਹੀ। ਕੁਝ ਦੇਰ ਮਗਰੋਂ ਗਹਿਣੇ ਤੇ ਨਗਦੀ ਲੈ ਕੇ ਆਪਣੇ ਪੇਕੇ ਘਰ ਚਲੀ ਗਈ।
ਥਾਣਾ ਧਾਰੀਵਾਲ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਐੱਸਪੀ ਗੁਰਦਾਸਪੁਰ ਗੁਰਮੀਤ ਸਿੰਘ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਨ ਮਗਰੋਂ ਥਾਣਾ ਧਾਰੀਵਾਲ ਵਿੱਚ ਜਗੀਰ ਸਿੰਘ ਦੇ ਬਿਆਨਾਂ ਅਨੁਸਾਰ ਪਵਨਦੀਪ ਕੌਰ, ਏਜੰਟ ਅਨੂਪ, ਸਤਨਾਮ ਸਿੰਘ ਅਤੇ ਅਭਿਨਵ ਮਹਾਜਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।