ਐੱਨਪੀ ਧਵਨ
ਪਠਾਨਕੋਟ, 30 ਜੁਲਾਈ
ਜ਼ਿਲ੍ਹਾ ਪਠਾਨਕੋਟ ਦੇ ਕੀੜੀਆਂ ਬੈਲਟ ਅੰਦਰ ਕਥਿਤ ਮਿਲੀਭੁਗਤ ਨਾਲ ਮਾਈਨਿੰਗ ਜਾਰੀ ਹੈ। ਦੂਜੇ ਪਾਸੇ ਮਾਈਨਿੰਗ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸੇ ਦੌਰਾਨ ਅੱਜ ਸੁਜਾਨਪੁਰ ਪੁਲੀਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਬੇਹੜੀਆਂ ਬਜ਼ੁਰਗ ਵਾਲੇ ਲਾਂਘੇ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੌਨਸੂਨ ਸੀਜ਼ਨ ਦੌਰਾਨ ਮਾਈਨਿੰਗ ਕਰਨ ਉਪਰ ਰੋਕ ਲੱਗੀ ਹੋਈ ਹੈ ਪਰ ਕੀੜੀਆਂ ਬੈਲਟ ਅੰਦਰ ਰਾਵੀ ਦਰਿਆ ਕੰਢੇ ਲੱਗੇ ਹੋਏ ਕੁਝ ਸਟੋਨ ਕਰੱਸ਼ਰ ਮਾਈਨਿੰਗ ਕਰ ਰਹੇ ਹਨ। ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਕਹਿਣਾ ਸੀ ਕਿ ਮਾਈਨਿੰਗ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਜਿਹੜੇ ਸਟੋਨ ਕਰੱਸ਼ਰ ਚੱਲ ਰਹੇ ਹਨ, ਉਨ੍ਹਾਂ ਕੋਲ ਕੱਚੇ ਮਾਲ ਦਾ ਸਟਾਕ ਜਮ੍ਹਾਂ ਹੈ। ਸਾਬਕਾ ਵਿਧਾਇਕ ਨੇ ਸਵਾਲ ਕੀਤਾ ਕਿ ਮੌਨਸੂਨ ਸੀਜ਼ਨ ਸ਼ੁਰੂ ਹੋਏ ਨੂੰ ਇੱਕ ਮਹੀਨਾ ਹੋ ਚੁੱਕਾ ਹੈ, ਕੀ ਚੰਦ ਕੁ ਸਟੋਨ ਕਰੱਸ਼ਰਾਂ ਕੋਲ ਹੀ ਸਟਾਕ ਜਮ੍ਹਾਂ ਹੈ, ਇਸ ਤਰ੍ਹਾਂ ਨਾਲ ਇਹ ਸਟਾਕ ਮੌਨਸੂਨ ਸਮਾਪਤ ਹੋਣ ਤੱਕ ਵੀ ਖਤਮ ਨਹੀਂ ਹੋਵੇਗਾ? ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਕਰੱਸ਼ਰਾਂ ਤੋਂ ਰੇਤਾ, ਬੱਜਰੀ ਟਰੱਕਾਂ, ਟਰਾਲਿਆਂ ਵਿੱਚ ਲੋਡ ਕਰ ਦਿੱਤੀ ਜਾਂਦੀ ਹੈ ਅਤੇ ਦੇਰ ਸ਼ਾਮ ਹੁੰਦੇ ਸਾਰ ਹੀ ਇਨ੍ਹਾਂ ਟਰੱਕਾਂ, ਟਰਾਲਿਆਂ ਦੀਆਂ ਵੱਖ-ਵੱਖ ਸ਼ਹਿਰਾਂ ਨੂੰ ਰਵਾਨਾ ਹੋਣ ਲਈ ਲਾਈਨਾਂ ਲੱਗ ਜਾਂਦੀਆਂ ਹਨ। ਰਾਤ ਸਮੇਂ ਸਿਰਫ ਇਨ੍ਹਾਂ ਕਰੱਸ਼ਰਾਂ ਉਪਰ ਮਾਈਨਿੰਗ ਹੁੰਦੀ ਹੈ। ਇਨ੍ਹਾਂ ਕਰੱਸ਼ਰਾਂ ਦੇ ਇਲਾਵਾ ਕੋਈ ਹੋਰ ਸਟੋਨ ਕਰੈਸ਼ਰ ਜੇਕਰ ਮਾਈਨਿੰਗ ਕਰਦਾ ਹੈ ਤਾਂ ਉਸ ਉਪਰ ਅਗਲੇ ਦਿਨ ਹੀ ਪਰਚਾ ਦਰਜ ਹੋ ਜਾਂਦਾ ਹੈ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਸੂਬੇ ਦੇ ਰੈਵੇਨਿਊ ਨੂੰ ਚੂਨਾ ਲਗਾਉਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਮਾਈਨਿੰਗ ਅਧਿਕਾਰੀ ਆਕਾਸ਼ ਅਗਰਵਾਲ ਨੇ ਕਿਹਾ ਕਿ ਮੌਨਸੂਨ ਵਿੱਚ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ। ਉਨ੍ਹਾਂ ਕਿਹਾ ਕਿ ਜੋ ਕਰੱਸ਼ਰ ਚੱਲ ਰਹੇ ਹਨ, ਉਨ੍ਹਾਂ ਕੋਲ ਸਟਾਕ ਪਿਆ ਹੈ। ਸੁਜਾਨਪੁਰ ਦੇ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ’ਤੇ ਬੇਹੜੀਆਂ ਬਜ਼ੁਰਗ ਵਾਲੇ ਲਾਂਘੇ ਅਤੇ ਗੁਗਰਾਂ ਮੋੜ ’ਤੇ ਬੈਰੀਅਰ ਲਗਾ ਦਿੱਤੇ ਗਏ ਹਨ ਅਤੇ ਇਨ੍ਹਾਂ ਰਸਤਿਆਂ ਤੋਂ ਭਾਰੀ ਵਾਹਨ ਲੰਘਣ ’ਤੇ ਰੋਕ ਲਗਾ ਦਿੱਤੀ ਗਈ ਹੈ।