ਐਨ.ਪੀ. ਧਵਨ
ਪਠਾਨਕੋਟ, 18 ਦਸੰਬਰ
ਕਥਲੌਰ ਪੁਲ ਤੋਂ ਦਰਜਨਾਂ ਪਿੰਡਾਂ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀ ਕੁਲਦੀਪ ਸਿੰਘ, ਰਾਜ ਪਾਲ, ਸੁਨੀਲ, ਰਵੀ ਸਿੰਘ, ਕਿਸ਼ਨ ਕੁਮਾਰ ਆਦਿ ਨੇ ਦੱਸਿਆ ਕਿ ਇਹ ਰਸਤਾ ਕਥਲੌਰ ਪੁਲ ਤੋਂ ਪਿੰਡ ਤਾਸ਼, ਫਿਰੋਜਾ, ਮੰਝੀਰੀ ਜੱਟਾਂ, ਮੰਝੀਰੀ ਆਰੀਆਂ, ਮਾਖਨਪੁਰ ਸਮੇਤ ਦਰਜਨਾਂ ਪਿੰਡਾਂ ਨੂੰ ਜਾਂਦਾ ਹੈ ਅਤੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਤੋਂ ਇਹ ਰਸਤਾ ਕੱਢਿਆ ਸੀ। ਪਹਿਲਾਂ ਇੱਥੇ ਇੱਕ ਧੁੱਸੀ ਦੀ ਉਸਾਰੀ ਕਰਵਾਈ ਗਈ ਸੀ ਪਰ ਹੁਣ ਇਸ ਰਸਤੇ ਤੋਂ ਓਵਰਲੋਡ ਵਾਹਨ, ਸਟੋਨ ਕਰੱਸ਼ਰਾਂ ਤੋਂ ਰੇਤਾ-ਬੱਜਰੀ ਭਰ ਕੇ ਲੰਘਦੇ ਹਨ ਜਿਸ ਕਾਰਨ ਰਸਤੇ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਥੇ ਥੋੜ੍ਹੀ ਜਿਹੀ ਬਾਰਸ਼ ਨਾਲ ਸਾਰਾ ਰਸਤੇ ਚਿੱਕੜ ਨਾਲ ਭਰ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਰਸਤੇ ਦੀ ਖਸਤਾ ਹਾਲਤ ਹੋਣ ਦਾ ਮੁੱਖ ਕਾਰਨ ਇਸ ਰਸਤੇ ਤੋਂ ਓਵਰਲੋਡ ਵਾਹਨਾਂ ਦਾ ਲੰਘਣਾ ਹੈ। ਇਸ ਦਾ ਕਿਸਾਨ ਜੱਥੇਬੰਦੀਆਂ ਵੀ ਕਈ ਵਾਰ ਧਰਨਾ ਦੇ ਕੇ ਵਿਰੋਧ ਪ੍ਰਦਰਸ਼ਨ ਕਰ ਚੁੱਕੀਆਂ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਇਸ ਰਸਤੇ ਤੋਂ ਰੇਤਾ-ਬਜਰੀ ਦੇ ਓਵਰਲੋਡ ਵਾਹਨਾਂ ਦੇ ਲੰਘਣ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।