ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਅਗਸਤ
ਆਜ਼ਾਦੀ ਦਿਵਸ ਮੌਕੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਕੌਮੀ ਝੰਡਾ ਲਹਿਰਾਇਆ ਅਤੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਸਪੀਕਰ ਨੇ ਆਖਿਆ,‘ਬਹੁਤ ਸਾਰੇ ਸੰਘਰਸ਼ਾਂ ਤੇ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿੱਚ ਲਗਪਗ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ।’ ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਲਾਮ ਪੇਸ਼ ਕੀਤਾ।
‘ਆਪ’ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਦਿਵਸ ਮੌਕੇ ਅੱਜ ਪਹਿਲੇ ਗੇੜ ਵਿੱਚ ਸੂਬੇ ਭਰ ਵਿੱਚ 75 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 8 ਮੁਹੱਲਾ ਕਲੀਨਿਕ ਸ਼ੁਰੂ ਹੋ ਜਾਣਗੇ। ਡਿਪਟੀ ਸਪੀਕਰ ਨੇ ਮਾਰਚ ਪਾਸਟ ਤੋਂ ਸਾਲਾਮੀ ਲਈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪੁਲੀਸ ਦੇ ਜਵਾਨਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ ਡਿਪਟੀ ਸਪੀਕਰ ਅਤੇ ਉਨ੍ਹਾਂ ਦੀ ਪਤਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਅਤੇ ਦਿਵਿਆਂਗਾਂ ਨੂੰ ਟ੍ਰਾਈਸਾਈਲ ਦੀ ਵੀ ਵੰਡ ਕੀਤੀ। ਇਸ ਮੌਕੇ ਵਿਧਾਇਕ ਸਮੇਤ ਏਡੀਜੀਪੀ ਰਾਮ ਸਿੰਘ, ਆਈਜੀ ਮੋਹਨੀਸ਼ ਚਾਵਲਾ, ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਸਮੇਤ ਹੋਰ ਜ਼ਿਲ੍ਹਾ ਅਧਿਕਾਰੀ ਸ਼ਾਮਲ ਸਨ।
ਨਵਾਂਸ਼ਹਿਰ (ਲਾਜਵੰਤ ਸਿੰਘ): ਪੰਜਾਬ ਦੇ ਸੈਰ-ਸਪਾਟਾ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਡੀਸੀ ਐੱਨਪੀਐੱਸ ਰੰਧਾਵਾ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨਾਲ ਪਰੇਡ ਦਾ ਨਿਰੀਖਣ ਕੀਤਾ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਸਮਾਗਮ ਦੌਰਾਨ ਉਨ੍ਹਾਂ ਲੋੜਵੰਦਾਂ ਨੂੰ ਟ੍ਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ। ਇਸ ਤੋਂ ਇਲਾਵਾ ਪਰੇਡ ਕਮਾਂਡਰ ਡੀਐੱਸਪੀ ਹਰਸ਼ਪ੍ਰੀਤ ਸਿੰਘ ਅਤੇ ਨੇਚਰ ਫ਼ੋਟੋਗ੍ਰਾਫ਼ਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਸਮੇਤ 51 ਸ਼ਖ਼ਸੀਅਤਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ 28 ਸਕੂਲਾਂ ਦੇ 2000 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਮੌਕੇ ਪਰੇਡ, ਪੀ ਟੀ ਸ਼ੋਅ ਤੇ ਸਭਿਆਚਾਰਕ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ’ਤੇ ਅੱਜ ਇੱਥੇ ਪੁਲੀਸ ਲਾਈਨ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਸਕੂਲ ਸਿੱਖਿਆ, ਜਲ ਸਰੋਤ, ਖਾਣਾਂ ਤੇ ਭੂ-ਵਿਗਿਆਨ ਅਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਤੋਂ ਬਾਅਦ ਸ੍ਰੀ ਬੈਂਸ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੰਤਰੀ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ 92 ਵਿਲੱਖਣ ਪ੍ਰਾਪਤੀਆਂ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜ਼ਰੂਰਤਮੰਦ ਵਿਅਕਤੀਆਂ ਨੂੰ 20 ਸਿਲਾਈ ਮਸ਼ੀਨਾਂ, 5 ਟਰਾਈ ਸਾਈਕਲ ਅਤੇ 5 ਵੀਲ੍ਹਚੇਅਰ ਸੌਂਪੇ ਗਏ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਮੈਰੀਟੋਰੀਅਸ 6 ਵਿਦਿਆਰਥੀਆਂ ਨੂੰ ਦਸਵੀਂ ਤੇ ਬਾਰ੍ਹਵੀਂ ਕਲਾਸ ਵਿੱਚ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸਨਮਾਨਿਆ ਗਿਆ। ਪ੍ਰੋਗਰਾਮ ਦੌਰਾਨ ਜਿੱਥੇ ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ, ਉਥੇ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੀਆਂ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ।
ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
ਤਰਨ ਤਾਰਨ (ਪੱਤਰ ਪ੍ਰੇਰਕ): ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਇੱਥੇ ਕੀਤੇ ਗਏ ਜ਼ਿਲ੍ਹਾ ਪੱਧਰ ਦੇ ਸਮਾਗਮ ਮੌਕੇ ਉਚੇਰੀ ਸਿੱਖਿਆ, ਖੇਡਾਂ ਤੇ ਯੁਵਕ ਸੇਵਾਵਾਂ ਅਤੇ ਵਾਤਾਵਰਨ, ਵਿਗਿਆਨ ਤੇ ਤਕਨਾਲੋਜੀ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ| ਇਸ ਮੌਕੇ ਉਨ੍ਹਾਂ ਆਜ਼ਾਦੀ ਸੰਗਰਾਮੀਆਂ ਦੇ ਪਰਿਵਾਰਾਂ, ਖਿਡਾਰੀਆਂ ਸਮੇਤ ਹੋਰਨਾਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਤੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ, ਵਿਧਾਇਕ ਕਸ਼ਮੀਰ ਸਿੰਘ ਸੋਹਲ, ਆਈਜੀ ਰਾਕੇਸ਼ ਕੁਮਾਰ, ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ, ਐਸ.ਐਸ.ਪੀ. ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਆਦਿ ਸਮੇਤ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਹੋਏ। ਸਟੇਜ ’ਤੇ ਸੁਰੱਖਿਆ ਪ੍ਰਬੰਧਾਂ ਦੀ ਸਖਤ ਘਾਟ ਦੇਖਣ ਨੂੰ ਮਿਲੀ| ਸਟੇਜ ’ਤੇ ਆਮ ਆਦਮੀ ਪਾਰਟੀ ਦੇ ਵਰਕਰ ਉੱਚ ਅਧਿਕਾਰੀਆਂ ਦੀਆਂ ਕੁਰਸੀਆਂ ’ਤੇ ਬੈਠ ਗਏ ਜਿਸ ਕਰਕੇ ਅਧਿਕਾਰੀਆਂ ਨੂੰ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ|