ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 4 ਅਗਸਤ
ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਨਾਲ ਸ਼ਹਿਰ ਧਾਰੀਵਾਲ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਸ਼ਹਿਰ ਅੰਦਰ 50 ਕਰੋੜ ਰੁਪਏ ਦਾ ਸੀਵਰੇਜ ਪ੍ਰਾਜੈਕਟ ਮਨਜ਼ੂਰ ਕਰਵਾਇਆ ਗਿਆ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਇਥੇ ਸ਼ਹਿਰ ਅੰਦਰ 80 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲਗਾਈਆਂ 230 ਐੱਲਈਡੀ ਲਾਈਟਾਂ ਦਾ ਉਦਘਾਟਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉੁਨ੍ਹਾਂ ਦੱਸਿਆ ਕਿ ਜਲਦ ਹੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸੋਲਰ ਲਾਈਟਾਂ ਵੀ ਲਗਾਈਆਂ ਜਾਣਗੀਆਂ। ਵਿਧਾਇਕ ਬਾਜਵਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪੈਂਦੇ ਦੋਵੇਂ ਸ਼ਹਿਰਾਂ ਧਾਰੀਵਾਲ ਅਤੇ ਕਾਦੀਆਂ ਵਿੱਚ ਗੈਰ ਸਮਾਜਿਕ ਅਨਸਰਾਂ ਅਤੇ ਵਾਰਦਾਤਾਂ ਨੂੰ ਠੱਲ ਪਾਉਣ ਲਈ ਵੱਖ ਵੱਖ ਥਾਂਵਾਂ ਤੇ ਸਕਿਊਰਿਟੀ ਕੈਮਰੇ ਵੀ ਸਵਾ ਮਹੀਨੇ ਤੱਕ ਲਗਾ ਦਿੱਤੇ ਜਾਣਗੇ। ਇਸ ਪ੍ਰਾਜੈਕਟ ’ਚ 25-25 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੰਵਰ ਪ੍ਰਤਾਪ ਸਿੰਘ ਗਿੱਲ, ਨਗਰ ਕੌਂਸਲ ਪ੍ਰਧਾਨ ਅਸਵਨੀ ਦੁੱਗਲ, ਨਰਿੰਦਰ ਕੁਮਾਰ ਕਾਲੇ ਸ਼ਾਹ, ਕੌਂਸਲਰ ਦੀਪਕ ਅਰੋੜਾ, ਨੋਨੀ ਖੋਸਲਾ, ਕੌਂਸਲਰ ਪਵਨ ਅਬਰੋਲ ਆਦਿ ਹਾਜ਼ਰ ਸਨ।