ਨਿੱਜੀ ਪੱਤਰ ਪ੍ਰੇਰਕ
ਬਟਾਲਾ, 11 ਜਨਵਰੀ
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਇੱਥੋਂ ਦੇ ਜਲ ਮਹਿਲ (ਬਾਰਾਂਦਰੀ) ਸਮਾਰਕ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਪੂਰੇ ਪੰਜਾਬ ’ਚੋਂ ਜਲ ਮਹਿਲ ਸਮਾਰਕ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸ ਦਾ ਨਵੀਨੀਕਰਨ ਕਰਕੇ ਇਸ ਵਿੱਚ ਪਾਣੀ ਭਰਕੇ ਇਸ ਨੂੰ ਪੁਰਾਤਨ ਦਿੱਖ ਦਿੱਤੀ ਜਾਵੇਗੀ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਜਲ ਮਹਿਲ ਦੇ ਨਵੀਨੀਕਰਨ ਨੂੰ ਲੈ ਕੇ ਉਨ੍ਹਾਂ ਵੱਲੋਂ ਲਗਾਤਾਰ ਸਬੰਧਤ ਵਿਭਾਗਾਂ ਅਤੇ ਕੇਂਦਰ ਦੇ ਸਭਿਆਚਾਰਕ ਮੰਤਰਾਲੇ ਨਾਲ ਰਾਬਤਾ ਰੱਖਿਆ ਹੋਇਆ ਹੈ। ਉਨ੍ਹਾਂ ਵੱਲੋਂ ਬਟਾਲਾ ਸ਼ਹਿਰ ਅਤੇ ਨੇੜਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਸਬੰਧੀ ਬਹੁਤ ਸ਼ਾਨਦਾਰ ਕਾਫੀ ਟੇਬਲ ਬੁੱਕ ਵੀ ਤਿਆਰ ਕਰਵਾਈ ਜਾ ਰਹੀ ਹੈ, ਜੋ ਅਗਲੇ ਮਹਿਨੇ ਬਣ ਕੇ ਤਿਆਰ ਹੋ ਜਾਵੇਗੀ।