ਧਿਆਨ ਸਿੰਘ ਭਗਤ
ਕਪੂਰਥਲਾ, 7 ਜੂਨ
ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਛੱਪੜਾਂ ਦੀ ਸਾਫ਼-ਸਫਾਈ ਕਰਵਾ ਕੇ ਉਨ੍ਹਾਂ ਦੇ ਨਵੀਨੀਕਰਨ ਕਰਨ ਦੇ ਮਕਸਦ ਨਾਲ ਵੱਡੇ ਪੱਧਰ ’ਤੇ ਨਿਰਮਾਣ ਕਾਰਜ ਕਰਵਾ ਰਹੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਤਾਂ ਠੀਕ ਰਹੇਗਾ ਹੀ ਉਥੇ ਨਗਰ ਵਾਸੀਆਂ ਨੂੰ ਗੰਦਗੀ ਅਤੇ ਬਦਬੂਦਾਰ ਹਵਾ ਤੋਂ ਰਾਹਤ ਮਿਲੇਗੀ। ਵਿਧਾਇਕ ਅੱਜ ਨੇੜਲੇ ਪਿੰਡ ਤਲਵੰਡੀ ਮਹਿਮਾ ਵਿਚ ਛੱਪੜ ਦੇ ਨਵੀਨੀਕਰਨ ਦੇ ਚੱਲ ਰਹੇ ਪ੍ਰਾਜੈਕਟ ਦਾ ਅਧਿਕਾਰੀਆਂ ਦੀ ਹਾਜ਼ਰੀ ’ਚ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਕੈਪਟਨ ਸਰਕਾਰ ਨੇ ਪਿੰਡਾਂ ਦੇ ਛੱਪੜ ਜੋ ਸਾਡੇ ਵਿਰਸੇ ਦੀ ਨਿਸ਼ਾਨੀ ਵੀ ਹੈ, ਨੂੰ ਸਾਫ ਕਰਵਾਉਣ ਲਈ ਸੂਬੇ ਭਰ ਵਿੱਚ ਜੰਗੀ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਛੱਪੜਾਂ ਦੇ ਨਵੀਨੀਕਰਨ ਦੇ ਕਾਰਜ ਨੂੰ ਕੈਪਟਨ ਸਰਕਾਰ, ਮਨਰੇਗਾ ਅਤੇ ਗ੍ਰਾਮ ਪੰਚਾਇਤਾਂ ਸਾਂਝੇ ਤੌਰ ’ਤੇ ਕਰਨਗੀਆਂ। ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਨਵੀਨੀਕਰਨ ਪ੍ਰਾਜੈਕਟ ਨਾਲ ਛੱਪੜ ਦਾ ਗੰਦਾ ਪਾਣੀ ਧਰਤੀ ਹੇਠ ਰੀਚਾਰਜ ਹੋਣੋਂ ਰੋਕਣ ਲਈ ਸਕਰੀਨਿੰਗ ਚੈਂਬਰ ਬਣੇਗਾ।