ਪੱਤਰ ਪ੍ਰੇਰਕ
ਧਾਰੀਵਾਲ, 20 ਨਵੰਬਰ
ਕਿਸਾਨ ਜਥੇਬੰਦੀਆਂ ਵਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੇ ਲਏ ਫੈਸਲੇ ’ਤੇ ਪਹਿਰਾ ਦੇਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬੁਰਜ਼ ਸਾਹਿਬ ਧਾਰੀਵਾਲ (ਗੁਰਦਾਸਪੁਰ) ਦੇ ਪ੍ਰਧਾਨ ਹਰਚਰਨ ਸਿੰਘ ਅਤੇ ਸਕੱਤਰ ਸਤਨਾਮ ਸਿੰਘ ਖਾਨਮਲੱਕ ਵਲੋਂ ਦਿੱਲੀ ਜਾਣ ਦੀਆਂ ਤਿਆਰੀਆਂ ਸਬੰਧੀ ਜ਼ੋਨ ਦੇ ਪਿੰਡਾਂ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਹਿਤ ਜਥੇਬੰਦੀ ਦੀ ਇਕਾਈ ਪਿੰਡ ਧਾਰੀਵਾਲ ਕਲਾਂ ਵਿੱਚ ਬੀਬੀਆਂ ਦੀ ਕਮੇਟੀ ਦੀ ਮੀਟਿੰਗ ਕਿਸਾਨ ਆਗੂ ਸਾਹਿਬ ਸਿੰਘ ਅਤੇ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਜ਼ੋਨ ਬੁਰਜ਼ ਸਾਹਿਬ ਧਾਰੀਵਾਲ ਦੇ ਪ੍ਰਧਾਨ ਹਰਚਰਨ ਸਿੰਘ ਨੇ ਕਿਸਾਨ ਜਥੇਬੰਦੀਆਂ ਵਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੇ ਫੈਸਲੇ ’ਤੇ ਪਹਿਰਾ ਦੇਣ ਲਈ ਕਮੇਟੀ ਮੈਂਬਰਾਂ ਨੂੰ ਤਿਆਰੀਆਂ ਕਰਨ ਲਾਮਬੰਦ ਕੀਤਾ। ਪ੍ਰਧਾਨ ਹਰਚਰਨ ਸਿੰਘ ਅਤੇ ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਦਿੱਲੀ ਜਾਣ ਲਈ ਸ਼ੰਭੂ ਬਾਰਡਰ ’ਤੇ ਜਾਣਗੇ ਅਤੇ ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੀਟਿੰਗ ਵਿੱਚ ਮਨਦੀਪ ਕੌਰ, ਬਲਵਿੰਦਰ ਕੌਰ, ਜੋਗਿੰਦਰੋ, ਗਿੱਦੋ, ਸੰਦੀਪ, ਸਾਹਿਬ ਸਿੰਘ, ਗੁਰਦੀਪ ਸਿੰਘ, ਸੁੱਚਾ ਸਿੰਘ, ਕਾਜਲ, ਬੇਵੀ, ਪ੍ਰੀਤੀ, ਸੋਨੀਆ ਅਤੇ ਸਰਬਜੀਤ ਕੌਰ ਹਾਜ਼ਰ ਸਨ।