ਪੱਤਰ ਪ੍ਰੇਰਕ
ਕਾਹਨੂੰਵਾਨ, 26 ਸਤੰਬਰ
ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਇਲਾਵਾ ਗੰਨੇ ਦੀ ਕੀਮਤ ਚ ਵਾਧਾ ਨਾ ਹੋਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ 29 ਸਤੰਬਰ ਨੂੰ ਜਲੰਧਰ ਨੇੜੇ ਧੰਨੋਵਾਲੀ ਰੇਲਵੇ ਫਾਟਕ ਕੋਲ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਨੂੰ ਸਫਲ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦੀ ਜਥੇਬੰਦੀ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਥੇਬੰਦੀ ਵੱਲੋਂ ਹਲਕਾ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿਚ ਗੁਰਦੁਆਰਾ ਬਾਬਾ ਚੱਠਾ ਸਾਹਿਬ ਵਿਚ ਕਿਸਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਸਾਥੀਆਂ ਨੇ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁੱਢਲੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੈ।
ਇਸ ਲਈ ਕਿਸਾਨ ਸੰਘਰਸ਼ ਦੇ ਰਾਹ ਪਏ ਹੋਏ ਹਨ। ਇਸ ਮੌਕੇ ਸਰਪੰਚ ਪਰਮਜੀਤ ਸਿੰਘ ਭੁੰਬਲੀ, ਕੈਪਟਨ ਸਰਦੂਲ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਨੱਥਾ ਸਿੰਘ ਭੁੰਬਲੀ, ਰਾਜ ਆੜ੍ਹਤੀਆਂ, ਮੇਜਰ ਸਿੰਘ ਰੋੜਾਂਵਾਲੀ ਹਰਪਾਲ ਸਿੰਘ ਰੋੜਾਂਵਾਲੀ ਕਿਰਪਾਲ ਸਿੰਘ ਰੋੜਾਂਵਾਲੀ, ਗੁਰਪ੍ਰੀਤ ਸਿੰਘ ਬੋਪਾਰਾਏ ਜਨਰਲ ਸਕੱਤਰ ਪੰਜਾਬ, ਦਲੀਪ ਸਿੰਘ ਨੂੰਨ ਆਦਿ ਮੌਜੂਦ ਸਨ।