ਬੇਅੰਤ ਸਿੰਘ ਸੰਧੂ
ਪੱਟੀ, 26 ਨਵੰਬਰ
ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਜਨਤਕ ਜਥੇਬੰਦੀਆਂ ਅਤੇ ਵੱਖ-ਵੱਖ ਮਹਿਕਮਿਆਂ ਦੇ ਕਰਮਚਾਰੀਆਂ, ਆਸ਼ਾ ਤੇ ਮਿਡ-ਡੇਅ ਮੀਲ ਵਰਕਰਾਂ ਸਮੇਤ ਕਿਸਾਨ ਤੇ ਮਜ਼ਦੂਰਾਂ ਵੱਲੋਂ ਖੇਤੀ ਕਾਨੂੰਨਾਂ ਸਮੇਤ ਦੇਸ਼ ਨੂੰ ਤਬਾਹ ਕਰਨ ਵਾਲੇ ਫ਼ਿਰਕੂ ਕਾਨੂੰਨਾਂ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਾਮਰੇਡ ਧਰਮ ਸਿੰਘ ਪੱਟੀ ਨੇ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਪਿੰਡ ਪੱਧਰੀ ਇਕਾਈਆਂ ਵੱਲੋਂ ਪਿੰਡਾਂ ਤੇ ਕਸਬਿਆਂ ’ਚ ਮੁਜ਼ਾਹਰੇ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਅਰਥੀਆਂ ਸਾੜੀਆਂ ਗਈਆਂ| ਜਥੇਬੰਦੀ ਦੇ ਵਰਕਰਾਂ ਨੇ ਉਸਮਾਂ ਟੌਲ ਪਲਾਜ਼ਾ ’ਤੇ ਧਰਨੇ ਦੇ 55ਵੇਂ ਦਿਨ ਮੌਕੇ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ ਦੀ ਅਗਵਾਈ ਵਿੱਚ ਦਿੱਲੀ ਜਾ ਰਹੇ ਕਿਸਾਨਾਂ ’ਤੇ ਪਾਣੀ ਦੀਆਂ ਤੋਪਾਂ ਚਲਾਉਣ ਨੂੰ ਮੁਗਲ ਬਾਦਸ਼ਾਹਾਂ ਦੇ ਅੱਤਿਆਚਾਰਾਂ ਦੇ ਸਮਾਨ ਕਿਹਾ| ਪਿੰਡ ਮਾਨੋਚਾਹਲ ਕਲਾਂ ਵਿੱਚ ਜਥੇਬੰਦੀ ਦੇ ਆਗੂ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਅਤੇ ਨੂਰਦੀ ਵਿੱਚ ਜਥੇਬੰਦੀ ਦੇ ਆਗੂ ਧੰਨਾ ਸਿੰਘ ਲਾਲੂ ਘੁੰਮਣ, ਬਲਜੀਤ ਸਿੰਘ ਬਘੇਲ ਸਿੰਘਵਾਲਾ, ਜਰਨੈਲ ਸਿੰਘ ਨੂਰਦੀ ਅਤੇ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨਰਿੰਦਰ ਮੋਦੀ ਤੇ ਖੱਟਰ ਸਰਕਾਰਾਂ ਦੀਆਂ ਅਰਥੀਆਂ ਸਾੜੀਆਂ|
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਖੇਤੀ ਕਾਨੂੰਨਾਂ ਖਿਲਾਫ਼ ਰੋਸ ਵਿਖਾਵਾ ਕਰਦਿਆਂ ਕੇਂਦਰ ਅਤੇ ਹਰਿਆਣਾ ਦੀ ਖੱਟਰ ਸਰਕਾਰਾਂ ਦਾ ਪੁਤਲਾ ਫੂਕਿਆ। ਜ਼ੋਨ ਟਾਂਡਾ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿੱਚ ਹੋਏ ਮੁਜ਼ਾਹਰੇ ਦੌਰਾਨ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਵੀ ਸ਼ਾਮਲ ਹੋਏ। ਇਸ ਮੌਕੇ ਕਾਰਕੁਨਾਂ ਨੇ ਸਰਕਾਰੀ ਹਸਪਤਾਲ ਚੌਕ ਵਿੱਚ ਮੁੱਖ ਮੰਤਰੀ ਖੱਟਰ ਦਾ ਪੁਤਲਾ ਫੂਕਿਆ।
ਗੜ੍ਹਸ਼ੰਕਰ (ਜੇ ਬੀ ਸੇਖੋਂ/ਜੋਗਿੰਦਰ ਕੁੱਲੇਵਾਲ): ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਸਥਾਨਕ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਦਿੱਤੇ ਰਹੇ ਧਰਨੇ ਦੇ 31ਵੇਂ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਮਰੇਡ ਦਰਸ਼ਨ ਮੱਟੂ, ਚੌਧਰੀ ਅੱਛਰ ਬਿਲੜੋਂ, ਗੋਪਾਲ ਸਿੰਘ ਅਤੇ ਮਹਿੰਦਰ ਸਿੰਘ ਨੇ ਸੰਬੋਧਨ ਕੀਤਾ।