ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 18 ਜੁਲਾਈ
ਨਸ਼ਿਆਂ ਲਈ ਬਦਨਾਮ ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਿਆਂ ਦੀ ਵਿਕਰੀ ਕਾਰਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ, ਜਿੱਥੇ ਕਈ ਨਸ਼ਾ ਤਸਕਰ ਦੇਸੀ ਸ਼ਰਾਬ ਤੋਂ ਲੈ ਕੇ ਨਸ਼ੀਲੀਆ ਗੋਲੀਆਂ, ਨਸ਼ੀਲੇ ਟੀਕੇ, ਹੈਰੋਇਨ ਆਦਿ ਵਰਗੇ ਅਨੇਕਾਂ ਨਸ਼ਿਆਂ ਦਾ ਵਪਾਰ ਕਰਦੇ ਹਨ। ਜਿਸ ਤੋਂ ਸਥਾਨਕ ਪੁਲੀਸ ਪ੍ਰਸ਼ਾਸਨ ਅਣਜਾਣ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨੀਂ ਇੱਕ ਦੁਖਿਆਰੀ ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਨਿੰਮ ਵਾਲੀ ਘਾਟੀ ਵਿੱਚ ਚੱਲ ਰਹੇ ਸ਼ਰੇਆਮ ਨਸ਼ਿਆਂ ਦੇ ਵਪਾਰ ਦਾ ਖੁਲਾਸਾ ਕਰਨ ਮਗਰੋਂ ਪੁਲੀਸ ਵੱਲੋਂ ਕੁਝ ਦਿਨਾਂ ਬਾਅਦ ਨਿੰਮ ਵਾਲੀ ਘਾਟੀ ਦਾ ਸਰਗਰਮ ਨਸ਼ਾ ਤਸਕਰ ਵੱਡੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਪੁਲੀਸ ਦੀ ਸਰਗਰਮੀ ਠੰਢੀ ਪੈਣ ਕਾਰਨ ਨਿੰਮ ਵਾਲੀ ਘਾਟੀ ਦੇ ਨਸ਼ਾ ਤਸਕਰ ਫਿਰ ਤੋਂ ਸਰਗਰਮ ਹੋ ਗਏ ਹਨ ਅਤੇ ਇਸ ਮੁਹੱਲੇ ਵਿੱਚ ਇੱਕ ਵਾਰ ਫਿਰ ਤੋਂ ਨਸ਼ਿਆਂ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਸੂਤਰਾ ਮੁਤਾਬਕ ਸਥਾਨਕ ਪੁਲੀਸ ਪ੍ਰਸ਼ਾਸਨ ਦੀ ਨੱਕ ਹੇਠ ਨਸ਼ਿਆਂ ਲਈ ਬਦਨਾਮ ਇਸ ਮੁਹੱਲੇ ਵਿੱਚ ਰੋਜ਼ਾਨਾ ਲੱਖਾਂ ਰੁਪਏ ਦੇ ਨਸ਼ਿਆਂ ਦਾ ਲੈਣ-ਦੇਣ ਹੋ ਰਿਹਾ ਦੇਸੀ ਸ਼ਰਾਬ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ, ਹੈਰੋਇਨ ਵਰਗੇ ਘਾਤਕ ਨਸ਼ੇ ਇਸ ਮੁਹੱਲੇ ਵਿੱਚ ਆਮ ਵਿਕ ਰਹੇ ਹਨ, ਜਿਸ ਤੋਂ ਇਲਾਕੇ ਅਤੇ ਆਸ-ਪਾਸ ਦੇ ਲੋਕ ਭਲੀਭਾਂਤ ਜਾਣੂ ਹਨ। ਇਸ ਸਬੰਧੀ ਇਲਾਕਾ ਨਿਵਾਸੀ ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਹੈ ਕਿ ਨਿੰਮ ਵਾਲੀ ਘਾਟੀ ਦੇ ਮੁਹੱਲੇ ਵਿੱਚ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਅਨੇਕਾਂ ਯਤਨ ਕੀਤੇ ਗਏ, ਇਥੋਂ ਤੱਕ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਵੀ ਇਸ ਮੁਹੱਲੇ ਵਿੱਚ ਨਸ਼ਿਆਂ ਦਾ ਕਾਰੋਬਾਰ ਬਿਨਾਂ ਰੋਕ ਜਾਰੀ ਹੈ, ਜਿਸ ਨੂੰ ਕਿ ਠੱਲ੍ਹ ਪੈਣੀ ਚਾਹੀਦੀ ਹੈ। ਐੱਸਪੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਉਹ ਗੋਇੰਦਵਾਲ ਸਾਹਿਬ ਦੇ ਮੁਹੱਲਾ ਨਿੰਮ ਵਾਲੀ ਘਾਟੀ ਜੋ ਪਹਿਲਾਂ ਵੀ ਨਸ਼ਿਆਂ ਕਾਰਨ ਜਾਣੀ ਜਾਂਦੀ ਸੀ ਸਬੰਧੀ ਸਥਾਨਕ ਪੁਲੀਸ ਅਧਿਕਾਰੀਆਂ ਕੋਲੋਂ ਰਿਪੋਰਟ ਲੈਣਗੇ। ਉਨ੍ਹਾਂ ਕਿਹਾ ਕਿਸੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।