ਤਰਨ ਤਾਰਨ (ਗੁਰਬ਼ਸ਼ਪੁਰੀ): ਇਲਾਕੇ ਦੇ ਇਤਿਹਾਸਕ ਪਿੰਡ ਜਾਤੀ ਉਮਰਾ ਦੇ ਕਿਸਾਨਾਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਨੇ ਅੱਜ ਪਿੰਡ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਆਪਣਾ ਰੋਸ ਜ਼ਾਹਿਰ ਕਰਨ ਲਈ ਇਕ ਪ੍ਰਭਾਤ ਫੇਰੀ ਕੱਢੀ| ਇਸ ਫੇਰੀ ਵਿੱਚ ਪਿੰਡ ਦੇ ਸਾਰੇ ਵਰਗਾਂ ਤੋਂ ਲੋਕਾਂ, ਔਰਤਾਂ, ਨੌਜਵਾਨਾਂ, ਬੱਚਿਆਂ ਆਦਿ ਨੇ ਸ਼ਮੂਲੀਅਤ ਕੀਤੀ| ਪਿੰਡ ਦੇ ਸਰਪੰਚ ਦਿਲਬਾਗ ਸਿੰਘ, ਨੌਜਵਾਨ ਨਿਰਮਲ ਸਿੰਘ ਸੰਧੂ ਆਦਿ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ| ਇਹ ਪ੍ਰਭਾਤ ਫੇਰੀ ਪਿੰਡ ਦੀਆਂ ਸਾਰੀਆਂ ਗਲੀਆਂ, ਬਾਜ਼ਾਰਾਂ, ਡੇਰਿਆਂ ਆਦਿ ਤੱਕ ਗਈ| ਲੋਕਾਂ ਨੇ ਫੇਰੀ ਵਿੱਚ ਸ਼ਾਮਲ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ| ਪਿੰਡ ਵਾਸੀਆਂ ਇਕ ਜ਼ੁਬਾਨ ਨਾਲ ਆਰਐਸ ਐਸ ਅਤੇ ਭਾਜਪਾ ਆਗੂਆਂ ਦਾ ਸਮਾਜਿਕ ਬਾਈਕਾਟ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਬਣੀਆਂ ਵਸਤਾਂ ਨਾ ਖਰੀਦਣ ਦਾ ਐਲਾਨ ਕੀਤਾ|