ਪੱਤਰ ਪ੍ਰੇਰਕ
ਪਠਾਨਕੋਟ, 7 ਮਾਰਚ
ਇੱਥੇ ਪਟੇਲ ਚੌਕ ਕੋਲ ਸਥਿਤ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਮੁਹੱਲਾ ਜਗਤੂ, ਮੁਹੱਲਾ ਵਾਹਸਟੋਨ, ਪੁਸ਼ਪ ਸਿਨੇਮਾ ਦਾ ਪਿਛਲਾ ਇਲਾਕਾ, ਕੈਂਬਲ ਰੋਡ, ਸੈਲੀ ਰੋਡ ਸਮੇਤ ਪੰਜ ਥਾਵਾਂ ਦੀ ਆਬਾਦੀ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਇਲਾਕਾ ਵਾਸੀਆਂ ਰੀਤੂ ਦੇਵੀ, ਮਾਇਆ ਦੇਵੀ, ਬਬਲੂ, ਨੀਲਮ, ਰਾਮ ਸਿੰਘ ਤੇ ਸ਼ਾਮ ਸਿੰਘ ਆਦਿ ਨੇ ਨਗਰ ਨਿਗਮ ਖਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਟਿਊਬਵੈੱਲ ਦੀ ਮੋਟਰ ਵਾਰ-ਵਾਰ ਖਰਾਬ ਹੋ ਜਾਂਦੀ ਹੈ। ਨਗਰ ਨਿਗਮ ਵੱਲੋਂ ਇਸ ਟਿਊਬਵੈੱਲ ’ਤੇ ਨਵੀਂ ਮੋਟਰ ਲਗਾਈ ਗਈ ਸੀ, ਪਰ ਉਹ ਵੀ 6 ਮਹੀਨੇ ਵਿੱਚ ਹੀ ਖਰਾਬ ਹੋ ਗਈ। ਹੁਣ 4 ਦਿਨਾਂ ਤੋਂ ਮੋਟਰ ਦੇ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਪਾਣੀ ਨਾ ਮਿਲਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਮਜਬੂਰਨ ਉਨ੍ਹਾਂ ਨੂੰ ਸੈਲੀ ਰੋਡ ਟਿਊਬਵੈੱਲ ਅਤੇ ਕਾਲੀ ਮਾਤਾ ਮੰਦਰ ਆਦਿ ਤੋਂ ਪਾਣੀ ਢੋਅ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਮੋਟਰ ਨੂੰ ਠੀਕ ਕਰਵਾ ਕੇ ਉਨ੍ਹਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇ। ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੋਟਰ ਨੂੰ ਠੀਕ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ ਜਦਕਿ ਨਜ਼ਦੀਕ ਪੈਂਦੇ ਟਿਊਬਵੈਲਾਂ ਦੇ ਮਾਧਿਅਮ ਨਾਲ ਇਲਾਕੇ ਵਿੱਚ ਥੋੜ੍ਹਾ-ਬਹੁਤ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇੱਕ-ਦੋ ਦਿਨ ਵਿੱਚ ਮੋਟਰ ਫਿੱਟ ਕਰ ਕੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਕਰ ਦਿੱਤਾ ਜਾਵੇਗਾ।