ਐੱਨਪੀ ਧਵਨ
ਪਠਾਨਕੋਟ, 4 ਅਪਰੈਲ
ਪਠਾਨਕੋਟ-ਡਲਹੌਜ਼ੀ ਨੈਸ਼ਨਲ ਹਾਈਵੇਅ ’ਤੇ ਸਥਿੱਤ ਪਿੰਡ ਢਾਂਗੂ-ਸਰਾਹ ਕੋਲ ਆਰਮੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਘੁਨਾਥ ਸਿੰਘ (72) ਪੁੱਤਰ ਜੈ ਸਿੰਘ ਵਾਸੀ ਢਾਂਗੂ-ਸਰਾਹ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਪਵਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬੀਤੀ ਦੇਰ ਸ਼ਾਮ ਘਰੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਜ਼ਾਰ ਲਈ ਗਿਆ ਸੀ ਜਦ ਉਹ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਮੋੜ ਉੱਤੇ ਸਾਹਮਣੇ ਤੋਂ ਆ ਰਹੀ ਫੌਜੀ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ ਅਤੇ ਬੱਸ ਦਾ ਇੱਕ ਟਾਇਰ ਉਸ ਦੇ ਪਿਤਾ ਉਪਰੋਂ ਲੰਘ ਗਿਆ। ਫੱਟੜ ਵਿਅਕਤੀ ਨੂੰ ਬਧਾਨੀ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਧਾਰ ਕਲਾਂ ਪੁਲੀਸ ਦੇ ਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਫੌਜੀ ਬੱਸ ਚਾਲਕ ’ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।