ਪੱਤਰ ਪ੍ਰੇਰਕ
ਪਠਾਨਕੋਟ, 29 ਅਕਤੂਬਰ
ਸੁਜਾਨਪੁਰ ਵਿੱਚ ਮਨਿਆਰੀ ਦੀ ਦੁਕਾਨਦਾਰ ਔਰਤ ਕੋਲੋਂ ਸਾਮਾਨ ਲੈਣ ਦੇ ਬਹਾਨੇ ਆਏ ਦੋ ਨੌਜਵਾਨਾਂ ਨੇ ਉਸ ਦੇ ਗਲੇ ਵਿੱਚ ਪਾਈ ਚੇਨੀ ਝਪਟ ਲਈ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਾਣੋ ਦੇਵੀ ਅਤੇ ਉਸ ਦੇ ਪਤੀ ਅਮਰਜੀਤ ਨੇ ਦੱਸਿਆ ਕਿ ਸਵੇਰੇ ਲੱਗਪੱਗ 10:30 ਵਜੇ ਦੇ ਕਰੀਬ 2 ਲੜਕੇ ਮੋਟਰਸਾਈਕਲ ਤੇ ਆਏ ਜਿੰਨ੍ਹਾਂ ਆਪਣੇ ਮੂੰਹ ਉੱਤੇ ਮਾਸਕ ਲਗਾਏ ਹੋਏ ਸਨ ਅਤੇ ਉਨ੍ਹਾਂ ਕੌਲਗੇਟ ਦੇਣ ਨੂੰ ਕਿਹਾ ਇਸ ਦੌਰਾਨ ਮੌਕੇ ਮਿਲਦੇ ਹੀ ਉਨ੍ਹਾਂ ਉਸ ਦੇ ਗਲੇ ਵਿੱਚ ਪਈ 3 ਤੋਲੇ ਦੀ ਸੋਨੇ ਦੀ ਚੇਨੀ ਝਪਟ ਲਈ ਅਤੇ ਮੋਟਰਸਾਈਕਲ ਉਪਰ ਬੈਠ ਕੇ ਫ਼ਰਾਰ ਹੋ ਗਏ। ਰਾਣੋ ਦੇਵੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਪਿੱਛੇ ਦੌੜੀ ਅਤੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਵਾਰ ਭੱਜਣ ਵਿੱਚ ਸਫਲ ਰਹੇ। ਉਨ੍ਹਾਂ ਇਸ ਦੀ ਸੂਚਨਾ ਸੁਜਾਨਪੁਰ ਥਾਣੇ ਨੂੰ ਦਿੱਤੀ ਹੈ। ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਥਾਣਾ ਮੁਖੀ ਸੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।