ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 28 ਅਗਸਤ
ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਚੋਰੀ ਦੇ ਮਾਮਲੇ ਸਬੰਧੀ ਮੌਕਾ ਦੇਖਣ ਗਏ ਥਾਣੇ ਦੇ ਮੁੱਖ ਮੁਨਸ਼ੀ ਦੀ ਕੁੱਝ ਲੋਕਾਂ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਦਕਿ ਇਸ ਵੀਡੀਓ ਤੋਂ ਅਣਜਾਣ ਥਾਣਾ ਮੁਖੀ ਬਲਜੀਤ ਕੌਰ ਨੇ ਆਖਿਆ ਕਿ ਉਹ ਇਸ ਬਾਬਤ ਕੁੱਝ ਨਹੀਂ ਜਾਣਦੇ। ਜ਼ਿਕਰਯੋਗ ਹੈ ਕਿ ਥਾਣਾ ਵੈਰੋਵਾਲ ਦੇ ਮੁਨਸ਼ੀ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਮੁਖੀ ਬਲਜੀਤ ਕੌਰ ਨੇ ਆਪਣੀ ਅਣਜਾਣਤਾ ਪ੍ਰਗਟ ਕਰਦਿਆਂ ਹੋਰ ਕੰਮਾਂ ਵਿੱਚ ਰੁੱਝੀ ਹੋਣ ਦਾ ਹਵਾਲਾ ਦੇ ਕੇ ਡੀਐੱਸਪੀ ਸਿਟੀ ਕਮਲਜੀਤ ਸਿੰਘ ਨਾਲ ਗੱਲਬਾਤ ਕਰਨ ਲਈ ਆਖਿਆ।
ਜਾਣਕਾਰੀ ਅਨੁਸਾਰ ਪਿੰਡ ਢੋਟਾ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੇ ਮਾਮਲੇ ਸਬੰਧੀ ਮੁੱਖ ਮੁਨਸ਼ੀ ਸਿਮਰਜੀਤ ਸਿੰਘ ਮੌਕਾ ਦੇਖਣ ਗਿਆ ਸੀ, ਜਿੱਥੇ ਕਥਿਤ ਦੋਸ਼ੀਆਂ ਵੱਲੋਂ ਮੁੱਖ ਮੁਨਸ਼ੀ ਨਾਲ ਤਲਖ਼-ਕਲਮੀ ਹੋ ਗਈ ਜਿਸ ’ਤੇ ਉਕਤ ਲੋਕਾਂ ਵੱਲੋਂ ਮੁਨਸ਼ੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ਗਈ।
ਇਸ ਦੌਰਾਨ ਡੀਐੱਸਪੀ ਸਿਟੀ ਕਮਲਮੀਤ ਸਿੰਘ ਨੇ ਆਖਿਆ ਕਿ ਮੁਨਸ਼ੀ ਸਿਮਰਜੀਤ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਜੁਰਮ ਦਾ ਗ੍ਰਾਫ ਦਿਨੋਂ ਦਿਨ ਵਧ ਰਿਹਾ ਹੈ ਜਿਸ ਕਾਰਨ ਥਾਣੇ ਦੇ ਮੁਲਾਜ਼ਮ ਵੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।