ਗੁਰਬਖਸ਼ਪੁਰੀ
ਤਰਨ ਤਾਰਨ, 17 ਅਕਤੂਬਰ
ਇਕ ਮਹੀਨਾ ਪਹਿਲਾਂ ਇਥੋਂ ਦੇ ਮੁਹੱਲਾ ਗੁਰੂ ਕਾ ਖੂਹ ਦੀ ਵਸਨੀਕ 45 ਸਾਲਾ ਸੁਸ਼ਮਾ ਦੀ ਭੇਤਭਰੀ ਹਾਲਤ ਵਿੱਚ ਹੋਈ ਹੱਤਿਆ ਦੇ ਮਾਮਲੇ ਦੀ ਜਾਂਚ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਪਰਿਵਾਰ ਅਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਇਥੇ ਚੌਕ ਬੋਹੜੀ ’ਤੇ ਕਈ ਘੰਟਿਆਂ ਤੱਕ ਲਈ ਧਰਨਾ ਦਿੱਤਾ ਗਿਆ ਅਤੇ ਸਾਰੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਗਈ| ਧਰਨਾਕਾਰੀਆਂ ਨੂੰ ਸਾਬਕਾ ਨਗਰ ਕੌਂਸਲਰ ਸਤਵੰਤ ਸਿੰਘ ਸੰਧੂ, ਰਾਮ ਸਿੰਘ, ਸਰਬਜੀਤ ਸਿੰਘ ਲਾਲੀ ਵਸੀਕਾ, ਅਜੀਤ ਸਿੰਘ ਫਤਿਹਚੱਕ, ਸਲਵਿੰਦਰ ਸਿੰਘ ਛਿੰਦਾ ਪਹਿਲਵਾਨ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੌਕੇ ਤੋਂ ਮਿਲੇ ਸੁਰਗਾਂ ਦੇ ਆਧਾਰ ’ਤੇ ਪਰਿਵਾਰ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਰਨ ਤਾਰਨ ਦੇ ਹੀ ਵਾਸੀ ਟਰੈਵਲ ਏਜੰਟ ਤਿੰਨ ਭਰਾਵਾਂ ਨੂੰ ਇਸ ਹੱਤਿਆ ਲਈ ਜ਼ਿੰਮੇਵਾਰ ਕਰਾਰ ਦਿੱਤਾ ਸੀ| ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸ਼ਿਕਾਇਤ ਨੂੰ ਪੂਰੀ ਤਰ੍ਹਾਂ ਨਾਲ ਅੱਖੋਂ ਪਰੋਖੇ ਕਰਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਜਤਿੰਦਰ ਸਿੰਘ ਨਾਂ ਦੇ ਇਕ ਭਰਾ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੂਸਰੇ ਦੋ ਭਰਾਵਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ| ਬੁਲਾਰਿਆਂ ਨੇ ਦੂਸਰੇ ਦੋਹਾਂ ਮੁਲਜ਼ਮਾਂ ਨੂੰ ਬਿਨਾਂ ਦੇਰੀ ਦੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਇਲਾਵਾ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਲੀ ਇਮਦਾਦ ਦੇਣ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਹੱਤਿਆ ਦੀ ਜਾਂਚ ਕਥਿਤ ਤੌਰ ’ਤੇ ਨਿਰਪੱਖ ਨਾ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਡੀਐੱਸਪੀ ਜਸਪਾਲ ਸਿੰਘ ਨੇ ਪੀੜਤ ਧਿਰ ਨੂੰ ਭਲਕੇ ਤਰਨ ਤਾਰਨ ਵਿੱਚ ਆਪਣੇ ਦਫ਼ਤਰ ਬੁਲਾਇਆ ਹੈ ਅਤੇ ਉਨ੍ਹਾਂ ਜਾਂਚ ਦੇ ਕੰਮ ਨੂੰ ਅੱਗੇ ਤੋਰਨ ਦਾ ਵਿਸ਼ਵਾਸ ਦਿੱਤਾ ਹੈ| ਅਧਿਕਾਰੀ ਦੇ ਜਾਂਚ ਦੇ ਹਵਾਲੇ ਨਾਲ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ| ਮ੍ਰਿਤਕਾ ਸੁਸ਼ਮਾ ਦੀ ਲਾਸ਼ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਦੋਦੇ ਦੀ ਨਹਿਰ ਕੋਲੋਂ 15 ਸਤੰਬਰ ਦੀ ਸ਼ਾਮ ਵੇਲੇ ਪੁਲੀਸ ਨੂੰ ਮਿਲੀ ਸੀ| ਇਸ ਸਬੰਧੀ ਦਫ਼ਾ 302, 201, 34 ਅਧੀਨ ਕੇਸ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ| ਪੀੜਤ ਧਿਰ ਨੇ ਆਪਣੇ ਪੱਖ ਨੂੰ ਬਿਆਨ ਕਰਨ ਲਈ ਧਰਨਾ ਸਥਾਨ ’ਤੇ ਸੀਸੀਟੀ ਵੀ ਕੈਮਰਿਆਂ ਤੋਂ ਇਕੱਤਰ ਜਾਣਕਾਰੀ ਵੀ ਸਪਸ਼ਟ ਦਿਖਾਈ।