ਸਰਬਜੀਤ ਗਿੱਲ
ਫਿਲੌਰ, 26 ਜੂਨ
ਪਿੰਡ ਨਗਰ ’ਚ ਕਿਰਾਏਦਾਰਾਂ ਨੇ ਆਪਣੇ ਮਾਲਕ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਇਸ ਬਾਰੇ ਅੱਜ ਸਵੇਰੇ ਪਤਾ ਲੱਗਿਆ। ਮ੍ਰਿਤਕ ਬਲਜੀਤ ਸਿੰਘ ਡੀਜੇ ਦਾ ਕੰਮ ਕਰਦਾ ਸੀ ਅਤੇ ਦੁਕਾਨ ਉਪਰ ਬਣੇ ਮਕਾਨ ’ਚ ਕਿਰਾਏ ’ਤੇ ਪਤੀ ਪਤਨੀ ਰਹਿੰਦੇ ਸਨ। ਰਾਤ ਭਰ ਭਾਲ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰੇ ਊਸ ਦੇ ਕਤਲ ਦਾ ਖ਼ੁਲਾਸਾ ਹੋ ਸਕਿਆ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਕਿਰਾਏ ’ਤੇ ਰਹਿੰਦੇ ਪਤੀ ਪਤਨੀ ਨੂੰ ਕਾਬੂ ਕਰ ਲਿਆ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐੱਸਪੀ ਫਿਲੌਰ ਦਵਿੰਦਰ ਅਤਰੀ ਤੇ ਥਾਣਾ ਮੁਖੀ ਮੁਖਤਿਆਰ ਸਿੰਘ ਪੁੱਜ ਗਏ, ਜਿਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਲਈ ਵਰਤਿਆ ਦਾਤ ਤੇ ਰਾਡ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲੀਸ ਨੇ ਕੁਲਵਿੰਦਰ ਸਿੰਘ ਉਰਫ ਕਾਕਾ ਵਾਸੀ ਨਗਰ ਦੇ ਬਿਆਨਾਂ ’ਤੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।