ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 3 ਜੂਨ
ਕਸਬਾ ਗੋਇੰਦਵਾਲ ਸਾਹਿਬ ਵਿੱਚ ਨਵਵਿਆਹਤਾ ਲੜਕੀ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਲੜਕੀ ਦੀ ਮੌਤ ਦੇ ਕਾਰਨ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋ ਸਕੀ।
ਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਨਦੀਪ ਕੌਰ ਨੇ ਅੰਮ੍ਰਿਤਪਾਲ ਸਿੰਘ ਵਾਸੀ ਵਲੀਪੁਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਦੋਵੇਂ ਪਤੀ-ਪਤਨੀ ਇੱਕੋ ਪਿੰਡ ਦੇ ਵਸਨੀਕ ਹਨ। ਦੋਵਾਂ ਨੇ 3 ਮਹੀਨੇ ਪਹਿਲਾਂ ਅਦਾਲਤੀ ਵਿਆਹ ਕਰਵਾਇਆ ਸੀ। ਦੋ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਆਪਣੀ ਮਾਸੀ ਕਸ਼ਮੀਰ ਕੌਰ ਵਾਸੀ ਗੋਇੰਦਵਾਲ ਸਾਹਿਬ ਕੋਲ ਰਹਿਣ ਆਏ ਸਨ। ਇਸੇ ਦੌਰਾਨ ਅੱਜ ਸਵੇਰੇ ਲੜਕੀ ਦੀ ਮੌਤ ਹੋ ਗਈ।
ਮੁੱਢਲੀ ਜਾਂਚ ਦੌਰਾਨ ਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਰੀਰ ਉੱਪਰ ਕੋਈ ਸੱਟ ਦੇ ਨਿਸ਼ਾਨ ਜਾ ਜ਼ਖਮ ਨਹੀਂ ਮਿਲੇ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਲੜਕੀ ਦਾ ਪੋਸਟ ਮਾਰਟਮ ਕਰਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨ ਦੀ ਪੁਸ਼ਟੀ ਹੋ ਸਕੇਗੀ। ਫਿਲਹਾਲ ਪੁਲੀਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।