ਪੱਤਰ ਪ੍ਰੇਰਕ
ਪਠਾਨਕੋਟ, 12 ਨਵੰਬਰ
ਥਾਣਾ ਸੁਜਾਨਪੁਰ ਦੀ ਪੁਲੀਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਜਿਸ ਤਹਿਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਰਾਹੁਲ ਉਰਫ਼ ਕਸ਼ਮੀਰੀ ਵਾਸੀ ਸੈਲੀ ਕੁੱਲੀਆਂ ਪਠਾਨਕੋਟ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ ਬੀਤੀ 20 ਸਤੰਬਰ ਨੂੰ ਮਾਧੋਪੁਰ ਨੈਸ਼ਨਲ ਹਾਈਵੇਅ ਜੰਮੂ ਰੋਡ ’ਤੇ ਸਥਿਤ ਪੀਰ ਬਾਬਾ ਦਰਗਾਹ ਕੋਲ ਆਦੀ ਵਾਸੀ ਅਹਿਮਦਾਬਾਦ (ਗੁਜਰਾਤ) ਦੀ ਲਾਸ਼ ਮਿਲੀ ਸੀ ਜੋ ਪਿਛਲੇ 10-11 ਸਾਲਾਂ ਤੋਂ ਪਠਾਨਕੋਟ ਵਿੱਚ ਰਹਿ ਰਿਹਾ ਸੀ ਅਤੇ ਇੱਥੇ ਕਬਾੜ ਦਾ ਕੰਮ ਕਰਦਾ ਸੀ। ਆਦੀ ਨਾਲ ਇੱਕ ਪੂਜਾ ਨਾਂ ਦੀ ਔਰਤ ਆਪਣੇ ਦੋ ਬੱਚਿਆਂ ਸਮੇਤ ਰਹਿੰਦੀ ਸੀ ਜਦਕਿ ਇਸ ਤੋਂ ਪਹਿਲਾਂ ਉਹ ਰਾਹੁਲ ਨਾਲ ਰਹਿੰਦੀ ਸੀ। ਰਾਹੁਲ ਨੇ ਇਸੇ ਰੰਜਿਸ਼ ਤਹਿਤ ਤੈਸ਼ ਵਿੱਚ ਆ ਕੇ ਆਦੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਮਾਧੋਪੁਰ ਪੀਰ ਬਾਬਾ ਦੀ ਦਰਗਾਹ ਕੋਲ ਜਾ ਕੇ ਸੁੱਟ ਦਿੱਤਾ ਤੇ ਚਲਾ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮ ਰਾਹੁਲ ਨੂੰ ਕਾਬੂ ਕਰ ਲਿਆ ਜਿਸ ਨੇ ਜੁਰਮ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਵੀ ਕੀਤਾ ਜਾਵੇਗਾ।