ਪੱਤਰ ਪ੍ਰੇਰਕ
ਮਾਨਸਰ/ਮੁਕੇਰੀਆਂ, 22 ਅਕਤੂਬਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਨਾਇਬ ਤਹਿਸੀਲਦਾਰ ਤਲਵਾੜਾ ਗੱਡੀ ’ਤੇ ਨੀਲੀ, ਲਾਲ ਬੱਤੀ ਲਗਾਉਣ ਦਾ ਸ਼ੌਕ ਨਹੀਂ ਛੱਡ ਰਿਹਾ। ਪ੍ਰਸ਼ਾਸਨਿਕ ਅਧਿਕਾਰੀ ਵਜੋਂ ਅਜਿਹੀ ਉਲੰਘਣਾ ਗਲਤ ਪਿਰਤ ਪਾ ਰਹੀ ਹੈ। ਕੁੱਲ ਹਿੰਦ ਕਿਸਾਨ ਸਭਾ ਨੇ ਅਧਿਕਾਰੀ ਦੇ ਖਿਲਾਫ਼ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਕਰਨ ਦਾ ਦਾਅਵਾ ਕੀਤਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਸਿਆਸੀ ਰਸੂਖਦਾਰ ਨਾਇਬ ਤਹਿਸੀਲਦਾਰ ਤਲਵਾੜਾ ਦੀਆਂ ਮਨਮਾਨੀਆਂ ਕਾਰਨ ਤਹਿਸੀਲ ਦਫ਼ਤਰ ਅੰਦਰ ਕਿਸਾਨਾਂ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਵਧੀ ਹੋਈ ਹੈ। ਮਾਲ ਵਿਭਾਗ ਵੱਲੋਂ ਮਨਮਾਨੇ ਢੰਗ ਨਾਲ ਰਜਿਸਟਰੀਆਂ ਤੇ ਨਿਸ਼ਾਨਦੇਹੀਆਂ ’ਤੇ ਰੋਕ ਲਗਾ ਕੇ ਵੱਡਾ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਤਹਿਸੀਲ ਦਫ਼ਤਰ ਦਾ ਇੰਚਾਰਜ ਅਧਿਕਾਰੀ ਨਾਇਬ ਤਹਿਸੀਲਦਾਰ ਤਲਵਾੜਾ ਲਖਵਿੰਦਰ ਸਿੰਘ ਖੁਦ ਆਪਣੀ ਨਿੱਜੀ ਗੱਡੀ ’ਤੇ ਨੀਲੀ, ਲਾਲ ਬੱਤੀ ਲਗਾ ਕੇ ਪ੍ਰਸਾਸ਼ਨਿਕ ਨਿਯਮਾਂ ਨੂੰ ਟਿੱਚ ਜਾਣਦਾ ਹੋਇਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਿਹਾ ਹੈ।
ਕੀ ਕਹਿੰਦੇ ਨੇ ਅਧਿਕਾਰੀ
ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੱਤੀ ਲਗਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਇਹ ਇਜਾਜ਼ਤ ਮਿਲ ਸਕਦੀ ਹੈ। ਬੱਤੀ ਉਨ੍ਹਾਂ ਦੀ ਨਿੱਜੀ ਗੱਡੀ ’ਤੇ ਲੱਗੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਹੰਗਾਮੀ ਡਿਊਟੀ ’ਤੇ ਡਿਊਟੀ ਮੈਜਿਸਟਰੇਟ ਵਜੋਂ ਜਾਣਾ ਪੈਂਦਾ ਹੈ ਪਰ ਡਿਊਟੀ ਮੈਜਿਸਟਰੇਟ ਨੂੰ ਨੀਲੀ, ਲਾਲ ਬੱਤੀ ਨੂੰ ਇਜਾਜ਼ਤ ਹੋਣ ਜਾਂ ਗੱਡੀ ਤਹਿਸੀਲ ਦਫ਼ਤਰ ਵਿੱਚ ਖੜ੍ਹੇ ਹੋਣ ਮੌਕੇ ਲਾਲ, ਨੀਲੀ ਬੱਤੀ ਲਗਾਉਣ ਸਬੰਧੀ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਇਸ ਸਬੰਧੀ ਐੱਸਡੀਐੱਮ ਅਸ਼ੋਕ ਕੁਮਾਰ ਨਾਲ ਸੰਪਰਕ ਕਰਨਾ ਚਾਹਿਆ, ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਬਿ ਨਾ ਸਮਝਿਆ। ਡੀਸੀ ਹੁਸ਼ਿਆਰਪੁਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਉਹ ਜਾਂਚ ਉਪਰੰਤ ਬਣਦੀਆਂ ਹਦਾਇਤਾਂ ਕਰਨਗੇ।