ਨਿੱਜੀ ਪੱਤਰ ਪ੍ਰੇਰਕ
ਬਟਾਲਾ, 4 ਅਪਰੈਲ
ਸਮਾਜ ਸੇਵਾ ਦੇ ਖੇਤਰ ਵਿੱਚ ਬਟਾਲਾ ਦੇ ਨੌਜਵਾਨਾਂ ਨੇ ‘ਦੀ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਜ਼’ ਸੁਸਾਇਟੀ ਬਣਾ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਅਹਿਦ ਲਿਆ ਹੈ। ਸੰਸਥਾ ਦੇ ਸੰਚਾਲਕ ਵਿਕਾਸ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਦਾ ਮਕਸਦ ਲੋੜਵੰਦ ਅਤੇ ਗ਼ਰੀਬ ਵਿਅਕਤੀਆਂ ਦੀ ਸਹਾਇਤਾ ਕਰਨਾ ਹੈ। ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਗ਼ਰੀਬਾਂ ਅਤੇ ਲੋੜਵੰਦਾਂ ਦੇ ਇਲਾਜ ਦੀ ਹੋਵੇਗੀ ਅਤੇ ਸਮਾਜ ਸੇਵੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੀ ਦਾਨ ਦੀ ਰਾਸ਼ੀ ਅਸਲ ਲੋੜਵੰਦਾਂ ਤੱਕ ਪਹੁੰਚਾਉਣ। ਉਨ੍ਹਾਂ ਦੱਸਿਆ ਕਿ ਟੀਮ ਸਿਵਲ ਹਸਪਤਾਲ ਬਟਾਲਾ ਵਿਖੇ ਰੋਜ਼ਾਨਾਂ ਸ਼ਾਮ 7 ਵਜੇ ਤੋਂ 9 ਵਜੇ ਤੱਕ ਪਹੁੰਚ ਕਰੇਗੀ ਅਤੇ ਇਸ ਦੌਰਾਨ ਉਹ ਮਰੀਜ਼ਾਂ ਨੂੰ ਮਿਲ ਕੇ ਦਵਾਈਆਂ/ਇਲਾਜ ਦੀ ਲੋੜ ਅਨੁਸਾਰ ਹਰ ਸੰਭਵ ਸਹਾਇਤਾ ਕਰਨਗੇ।
ਇਸ ਮੌਕੇ ਬਟਾਲਾ ਦੇ ਮੋਹਤਬਰ ਵਿਅਕਤੀਆਂ ਨੇ ਨੌਜਵਾਨਾਂ ਦੀ ਇਸ ਪਹਿਲ ਅਤੇ ਸਮਾਜ ਸੇਵੀ ਕੰਮ ਦੀ ਸਰਾਹਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਨੇਕ ਕਾਰਜ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ‘ਦੀ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਜ਼’ ਸੁਸਾਇਟੀ ਦੀ ਸ਼ੁਰੂਆਤ ਕਰਨ ਮੌਕੇ ਵਿਕਾਸ ਮਹਿਤਾ, ਅਮਿਤ ਮਹਿਤਾ, ਅੰਕੁਸ਼ ਮਹਿਤਾ , ਪ੍ਰੋ. ਜਸਬੀਰ ਸਿੰਘ , ਸ਼ੰਮੀ ਕਪੂਰ, ਅਨੁਰਾਗ ਮਹਿਤਾ,ਤਨਿਸ਼ ਮਹਿਤਾ ਸਮੇਤ ਹੋਰ ਵੀ ਨੌਜਵਾਨ ਹਾਜ਼ਰ ਸਨ।