ਐੱਨਪੀ ਧਵਨ/ਭਗਵਾਨ ਦਾਸ ਸੰਦਲ
ਪਠਾਨਕੋਟ/ਦਸੂਹਾ, 20 ਜੂਨ
ਇੱਥੇ ਸਿਵਲ ਹਸਪਤਾਲ ਵਿੱਚ 3 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ 30 ਬੈੱਡ ਦੇ ਨਵੇਂ ਮਦਰ ਚਾਈਲਡ ਕੇਅਰ ਯੂਨਿਟ (ਜ਼ੱਚਾ-ਬੱਚਾ) ਵਾਰਡ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।
ਉਦਘਾਟਨੀ ਸਮਾਗਮ ਸਮੇਂ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ 30 ਬੈੱਡ ਦਾ ਹਸਪਤਾਲ ਜ਼ੱਚਾ-ਬੱਚਾ ਵਾਰਡ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਸੂਬੇ ਵਿੱਚ ਕੋਵਿਡ-19 ਦੀ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਮਹਾਂਮਾਰੀ ਦੀ ਹੁਣ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਕੋਵਿਡ-19 ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਹੀ ਹੈ। ਆਸ਼ਾ ਵਰਕਰਾਂ ਨੂੰ ਮਿਲਣ ਵਾਲੇ ਭੱਤਿਆਂ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਰ ਵੱਲੋਂ 2500 ਰੁਪਏ ਮਾਸਿਕ ਭੱਤਾ ਸਥਾਈ ਤੌਰ ਤੇ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਜੱਚਾ-ਬੱਚਾ ਵਾਰਡ ਦੇ ਬਣਨ ਨਾਲ ਮਰੀਜ਼ਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਇਸੇ ਤਰ੍ਹਾਂ ਸ੍ਰੀ ਸਿੱਧੂ ਨੇ ਅੱਜ ਦਸੂਹਾ ਵਿੱਚ 3.35 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜ਼ੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਜ਼ੱਚਾ-ਬੱਚਾ ਹਸਪਤਾਲ ਸਬੰਧੀ ਇਲਾਕੇ ਦੀ ਕਾਫ਼ੀ ਸਮੇਂ ਤੋਂ ਮੰਗ ਸੀ, ਜਿਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਗਿਆ ਹੈ ਅਤੇ ਜ਼ੱਚਾ-ਬੱਚਾ ਨੂੰ ਵੱਖ ਰੱਖਣ ਲਈ 20 ਬੈੱਡ ਵਾਲਾ ਇਹ ਵਿਸ਼ੇਸ਼ ਹਸਪਤਾਲ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਰਾਜ ਵਿੱਚ ਡਾਕਟਰਾਂ ਤੇ ਹੋਰ ਮੈਡੀਕਲ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਦਾ ਅਮਲ ਨੂੰ ਡੇਢ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਅਰੁਣ ਮਿੱਕੀ ਡੋਗਰਾ, ਹਲਕਾ ਮੁਕੇਰੀਆਂ ਦੀ ਵਿਧਾਇਕਾ ਬੀਬੀ ਇੰਦੂ ਬਾਲਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਜ਼ਿਲ੍ਹਾ ਪੁਲੀਸ ਮੁਖੀ ਗੌਰਵ ਗਰਗ ਆਦਿ ਹਾਜ਼ਰ ਸਨ।
ਮੇਅਰ ਵੱਲੋਂ ਵਿਕਾਸ ਕਾਰਜਾਂ ਦਾ ਊਦਘਾਟਨ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਾਰਡ ਨੰ. 12 ਅਤੇ 13 ’ਚ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਲਗਾਏ ਗਏ ਇੱਕ ਟਿਊਬਵੈੱਲ ਦੀ ਸ਼ੁਰੂਆਤ ਅਤੇ 2 ਨਵੇਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਊਦਘਾਟਨ ਕੀਤਾ ਹੈ। ਇਸ ਮੌਕੇ ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੁੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਪੂਰੇ ਜ਼ੋਰ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਕੌਂਸਲਰ ਪ੍ਰਿੰਯਕਾ ਸ਼ਰਮਾ, ਰਿਤੇਸ਼ ਸ਼ਰਮਾ, ਸਾਬਕਾ ਕੌਂਸਲਰ ਅਨੇਕ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਅਤੇ ਕਾਫੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।