ਬੇਅੰਤ ਸਿੰਘ ਸੰਧੂ
ਪੱਟੀ, 10 ਦਸੰਬਰ
ਪੱਟੀ ਸ਼ਹਿਰ ਅੰਦਰ ਸਥਿਤ ਗੁਰਦੁਆਰਾ ਭੱਠ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦਲਪੰਥ ਬਿਧੀਚੰਦ ਦੇ ਦੋ ਨਿਹੰਗ ਗੁੱਟਾਂ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਬੀਤੀ ਅੱਧੀ ਰਾਤ ਗੁਰਦੁਆਰੇ ਅੰਦਰ ਗੋਲੀ ਚੱਲੀਆਂ।। ਇਸ ਘਟਨਾ ਸਬੰਧੀ ਪਿਛਲੇ ਦੋ ਮਹੀਨੇ ਤੋਂ ਗੁਰਦੁਆਰੇ ਦੇ ਕਮਰੇ ਅੰਦਰ ਬੰਦ ਸੇਵਾਦਾਰਾਂ ਨੇ ਵੀਡੀਓ ਵਾਇਰਲ ਕੀਤੀ ਹੈ। ਇਹ ਘਟਨਾ ਵਾਪਰਨ ਸਮੇਂ ਪੁਲੀਸ ਗੁਰਦੁਆਰੇ ਅੰਦਰ ਮੌਜੂਦ ਸੀ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਅੰਦਰ ਸੁਣਵਾਈ ਚੱਲਦੀ ਹੋਣ ਦੇ ਬਾਵਜੂਦ ਵੀ ਦਲਪੰਥ ਬਿਧੀਚੰਦ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਦੋਵੇ ਨਿਹੰਗ ਧਿਰਾਂ ਆਹਮਣੇ ਸਾਹਮਣੇ ਹੋ ਰਹੀਆਂ ਹਨ। ਦਲਪੰਥ ਬਿਧੀ ਚੰਦ ਦੋਵੇਂ ਗੁੱਟ ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧਤ ਹਨ। ਇਸੇ ਤਹਿਤ ਇੱਕ ਧਿਰ ਚੋਣ ਜ਼ਾਬਤੇ ਦੀ ਉਡੀਕ ਕਰ ਰਹੀ ਹੈ ਤੇ ਦੂਜੀ ਸੱਤਾਧਾਰੀਆਂ ਦਾ ਫਾਇਦਾ ਲੈ ਕੇ ਗੁਰਦੁਆਰੇ ਦੇ ਮੁਕੰਮਲ ਕਬਜ਼ੇ ਕਰਨ ਦੀ ਦੌੜ ਵਿੱਚ ਹੈ। ਥਾਣਾ ਮੁਖੀ ਸਿਟੀ ਪੱਟੀ ਲਖਬੀਰ ਸਿੰਘ ਨੇ ਦੱਸਿਆ ਕਿ ਘਟਨਾ ਅੰਦਰ ਜ਼ਖ਼ਮੀ ਹੋਏ ਜਸਬੀਰ ਸਿੰਘ ਵਾਸੀ ਸਭਰਾ ਦੇ ਬਿਆਨਾਂ ਦੇ ਕਮਰੇ ਵਿੱਚ ਬੰਦ ਸੇਵਾਦਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।