ਪੱਤਰ ਪ੍ਰੇਰਕ
ਦੀਨਾਨਗਰ, 19 ਨਵੰਬਰ
ਸਰਕਾਰੀ ਪ੍ਰਾਇਮਰੀ ਸਕੂਲ ਧਮਰਾਈ ਵਿੱਚ 12.52 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਦੋ ਸਮਾਰਟ ਕਮਰਿਆਂ ਦਾ ਰਸਮੀ ਉਦਘਾਟਨ ਅੱਜ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਕੀਤਾ ਗਿਆ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਾਪਸ ਲਏ ਖੇਤੀ ਕਾਨੂੰਨਾਂ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਸਬਰ ਅਤੇ ਸੰਘਰਸ਼ ਦੀ ਜਿੱਤ ਹੈ, ਜਿਸਦੇ ਅੱਗੇ ਨਰਿੰਦਰ ਮੋਦੀ ਵਰਗੇ ਤਾਨਾਸ਼ਾਹ ਨੂੰ ਹਾਰ ਮੰਨਣੀ ਪਈ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀ ਕਦੇ ਕਿਸੇ ਤਾਨਾਸ਼ਾਹ ਦੇ ਅੱਗੇ ਨਹੀਂ ਝੁੱਕੇ ਅਤੇ ਨਾ ਹੀ ਝੁੱਕਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਇਹ ਇਕ ਤਰ੍ਹਾਂ ਨਾਲ ਗੁਰੂ ਸਾਹਿਬ ਦਾ ਪੰਜਾਬੀਆਂ ਨੂੰ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੁਣ ਹੋਰ ਕੋਈ ਤਾਨਾਸ਼ਾਹ ਪੰਜਾਬੀਆਂ ਨਾਲ ਮੱਥਾ ਲਗਾਉਣ ਦੀ ਹਿਮਾਕਤ ਨਹੀਂ ਕਰੇਗਾ।