ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 16 ਜੂਨ
ਅਜੋਕੇ ਸਮੇਂ ਵਿੱਚ ਕਰੋਨਾ ਮਹਾਂਮਾਰੀ ਦਾ ਪਸਾਰਾ ਵਧਦਾ ਜਾ ਰਿਹਾ ਹੈ ਜਿਸ ਨਾਲ ਦਿਨੋਂ ਦਿਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਹੋ ਰਿਹਾ ਹੈ। ਪੁਲੀਸ ਪ੍ਰਸ਼ਾਸਨ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਭਾਵੇਂ ਪੱਬਾਂ ਭਾਰ ਹੋ ਕੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਜ਼ੋਰ ਲਗਾ ਰਹੇ ਹਨ। ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਲੋਕਾਂ ਦਾ ਸਿਹਤ ਵਿਭਾਗ ਵੱਲੋਂ ਨਿਰੀਖਣ ਕੀਤਾ ਜਾਂਦਾ ਹੈ ਪਰ ਵਿਆਸ ਰੇਲਵੇ ਸਟੇਸ਼ਨ ’ਤੇ ਹਜ਼ਾਰਾਂ ਪਰਵਾਸੀ ਮਜ਼ਦੂਰ ਸਫ਼ਰ ਕਰਕੇ ਪੰਜਾਬ ਆ ਰਹੇ ਹਨ ਜਿਨ੍ਹਾਂ ਦੀ ਪੰਜਾਬ ਪੁਲੀਸ ਦੇ ਵਾਲੰਟੀਅਰ ਹਰ ਵਿਅਕਤੀ ਦਾ ਫਾਰਮ ਭਰਵਾ ਕੇ ਉਨ੍ਹਾਂ ਨੂੰ ਅੱਗੇ ਜਾਣ ਦਿੰਦੇ ਹਨ ਜਦੋਂਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਾਮੂਲੀ ਜਿਹਾ ਟੈਸਟ ਲੈ ਕੇ ਪਰਵਾਸੀ ਮਜ਼ਦੂਰਾਂ ਨੂੰ ਭੇਜ ਦਿੱਤਾ ਜਾਂਦਾ ਹੈ। ਅਜਿਹੇ ਹਾਲਤਾਂ ਵਿੱਚ ਪਤਾ ਨਹੀਂ ਕਿਹੜਾ ਪਰਵਾਸੀ ਮਜ਼ਦੂਰ ਕਰੋਨਾ ਪੀੜਤ ਹੈ ਜਾਂ ਨਹੀਂ। ਬਿਆਸ ਰੇਲਵੇ ਸਟੇਸ਼ਨ ’ਤੇ ਬੀਤੀ ਰਾਤ ਸਰਵੇਖਣ ਕੀਤਾ ਗਿਆ ਜਿੱਥੇ ਕਿ ਦਸ ਵੱਜ ਕੇ ਪੰਜਾਹ ਮਿੰਟ ’ਤੇ ਰਾਤ ਨੂੰ ਗੱਡੀ ਆਈ ਜਿਸ ’ਚ ਵਧੇਰੇ ਗਿਣਤੀ ਪਰਵਾਸੀ ਮਜ਼ਦੂਰ ਸਨ ਜਿਨ੍ਹਾਂ ਦਾ ਪੰਜਾਬ ਪੁਲੀਸ ਦੇ ਵਾਲੰਟੀਅਰਾਂ ਵੱਲੋਂ ਇੱਕ ਕਤਾਰ ’ਚ ਖੜ੍ਹਾ ਕਰ ਕੇ ਹਰ ਪਰਵਾਸੀ ਮਜ਼ਦੂਰ ਦੇ ਫਾਰਮ ਭਰ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਇਨ੍ਹਾਂ ਮਜ਼ਦੂਰਾਂ ਨੂੰ ਭੇਜ ਦਿੱਤਾ ਜਦੋਂਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਾਮੂਲੀ ਜਾਂਚ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਭੇਜ ਦਿੱਤਾ ਗਿਆ। ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ’ਚ ਲੈਣ ਆਏ ਕਿਸਾਨਾਂ ਵੱਲੋਂ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ। ਪਰਵਾਸੀ ਮਜ਼ਦੂਰਾਂ ਕੋਲ ਫਿਟਨੈੱਸ ਮੈਡੀਕਲ ਸਰਟੀਫਿਕੇਟ ਹੋਣਾ ਚਾਹੀਦਾ ਸੀ ਜਿਸ ਨੂੰ ਸਿਹਤ ਵਿਭਾਗ ਵੱਲੋਂ ਚੈੱਕ ਕੀਤਾ ਜਾਣਾ ਸੀ ਪਰ ਇਸ ਸਟੇਸ਼ਨ ’ਤੇ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਇਸ ਦੌਰਾਨ ਪੰਜਾਬ ਪੁਲੀਸ ਦੇ ਵਾਲੰਟੀਅਰਾਂ ਨੇ ਕਿਹਾ ਕਿ ਉਹ ਸੁਰੱਖਿਆ ਦੇ ਮੱਦੇਨਜ਼ਰ ਵਿਭਾਗ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ। ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਫਾਰਮ ਭਰ ਲਏ ਜਾਂਦੇ ਹਨ ਤੇ ਫਾਰਮਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ।