ਪੱਤਰ ਪ੍ਰੇਰਕ
ਤਰਨ ਤਾਰਨ, 20 ਮਾਰਚ
ਸ਼ਹਿਰ ਦੀ ਨਗਰ ਕੌਂਸਲ ਦੀਆਂ ਨਿਕਟ ਭਵਿੱਖ ਵਿੱਚ ਹੋ ਰਹੀਆਂ ਚੋਣਾਂ ਸਬੰਧੀ ਸਥਾਨਕ ਸਰਕਾਰ ਵਿਭਾਗ ਦੇ ਨਿਰਦੇਸ਼ਾਂ ’ਤੇ ਨਵੇਂ ਸਿਰਿਓਂ ਕੀਤੀ ਵਾਰਡਬੰਦੀ ਸਬੰਧੀ ਤਿਆਰ ਕੀਤਾ ਨਕਸ਼ਾ ਜਨਤਕ ਨਾ ਕਰਨ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਸਖ਼ਤ ਇਤਰਾਜ਼ ਜਤਾਇਆ ਹੈ| ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਦੀ ਅਗਵਾਈ ਵਿੱਚ ਸਰਬਜੀਤ ਸਿੰਘ ਲਾਲੀ ਵਸੀਕਾ, ਸਰਬਰਿੰਦਰ ਸਿੰਘ ਭਰੋਵਾਲ, ਜਸਬੀਰ ਸਿੰਘ ਮਿੰਟੂ, ਨਵਰੂਪ ਸਿੰਘ ਸੰਧਾਵਾਲੀਆ, ਕੰਵਲਜੀਤ ਸਿੰਘ ਮੁਰਾਦਪੁਰ ਆਦਿ ਨੇ ਅੱਜ ਇਥੇ ਕਿਹਾ ਕਿ ਅਕਾਲੀ ਦਲ ਵੱਲੋਂ ਨਗਰ ਕੌਂਸਲ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਨਗਰ ਕੌਂਸਲ ਵਲੋਂ ਜਾਰੀ ਕੀਤੇ ਇਕ ਇਸ਼ਤਿਹਾਰ ਤਹਿਤ ਨਗਰ ਕੌਂਸਲ ਦੀ ਕੀਤੀ ਗਈ ਪੁਨਰ ਵਾਰਡਬੰਦੀ ਬਾਰੇ ਇਤਰਾਜ਼ਾਂ ਦੀ ਮੰਗ ਕੀਤੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵਾਰਡਬੰਦੀ ਦਾ ਨਕਸ਼ਾ ਕਿਧਰੇ ਵੀ ਜਨਤਕ ਥਾਂ ’ਤੇ ਨਹੀਂ ਚਿਪਕਾਇਆ ਗਿਆ। ਆਮ ਆਦਮੀ ਪਾਰਟੀ ਸਮੇਤ ਕਈ ਹੋਰ ਧਿਰਾਂ ਨੇ ਵੀ ਇਸ ਸਬੰਧੀ ਇਤਰਾਜ ਕਰਨ ਲਈ ਪੁਨਰ ਵਾਰਡਬੰਦੀ ਦਾ ਨਕਸ਼ਾ ਜਨਤਕ ਕਰਨ ਨਾ ਕਰਨ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਵਲੋਂ ਹਾਕਮ ਧਿਰ ਦੇ ਪੱਖ ਵਿੱਚ ਭੁਗਤਾਨ ਦਾ ਦੋਸ਼ ਲਗਾਇਆ ਹੈ|