ਪੱਤਰ ਪ੍ਰੇਰਕ
ਤਰਨ ਤਾਰਨ, 29 ਸਤੰਬਰ
ਇਲਾਕੇ ਦੇ ਪਿੰਡ ਬੇਗਮਪੁਰਾ (ਨੇੜੇ ਬਨਵਾਲੀਪੁਰ) ਦੇ ਇਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚੋਂ ਮਿੱਟੀ ਪੁਟਵਾਉਣ ਨੂੰ ਨਾਜਾਇਜ਼ ਮਾਈਨਿੰਗ ਸਮਝਦਿਆਂ ਮੌਕੇ ’ਤੇ ਚੈਕਿੰਗ ਕਰਨ ਆਈ ਮਾਈਨਿੰਗ ਵਿਭਾਗ ਅਤੇ ਥਾਣਾ ਸਰਹਾਲੀ ਦੀ ਸਾਂਝੀ ਟੀਮ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਸ ਟੀਮ ਨੂੰ ਬਿਨਾਂ ਕੋਈ ਕਰਵਾਈ ਕੀਤਿਆਂ ਹੀ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਜਾਣਕਾਰੀ ਅਨੁਸਾਰ ਪਿੰਡ ਬੇਗਮਪੁਰ ਦੀ ਸਰਪੰਚ ਬਲਜੀਤ ਕੌਰ ਦੇ ਖੇਤਾਂ ਵਿੱਚੋਂ ਉਸ ਦੇ ਪਤੀ ਸ਼ਮਿੰਦਰ ਸਿੰਘ ਵੱਲੋਂ ਮਿੱਟੀ ਪੁਟਵਾਈ ਜਾ ਰਹੀ ਸੀ ਕਿ ਮੌਕੇ ’ਤੇ ਮਾਈਨਿੰਗ ਅਧਿਕਾਰੀ ਰਣਜੋਧ ਸਿੰਘ ਅਤੇ ਥਾਣਾ ਸਰਹਾਲੀ ਦੇ ਮੁਖੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਨ ਲਈ ਟੀਮ ਆਈ। ਇਸ ਟੀਮ ਨੇ ਕਿਸਾਨ ਸ਼ਮਿੰਦਰ ਸਿੰਘ ਵੱਲੋਂ ਨਾਜਾਇਜ਼ ਤੌਰ ’ਤੇ ਮਾਈਨਿੰਗ ਕਰਵਾਉਣ ਦੇ ਦੋਸ਼ ਹੇਠ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਮੌਕੇ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਟੀਮ ਦਾ ਜਥੇਬੰਧਕ ਵਿਰੋਧ ਸ਼ੁਰੂ ਕਰ ਦਿੱਤਾ| ਕਿਸਾਨਾਂ ਨੇ ਟੀਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਕਿਸਾਨ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਤਿੰਨ ਫੁੱਟ ਤੱਕ ਡੂੰਘਾਈ ਤੋਂ ਜ਼ਿਆਦਾ ਮਿੱਟੀ ਨਹੀਂ ਪੁਟਵਾ ਰਿਹਾ| ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਨੇ ਬਕਾਇਦਾ ਤੌਰ ’ਤੇ ਹੁਕਮ ਜਾਰੀ ਕੀਤੇ ਹੋਏ| ਅਧਿਕਾਰੀਆਂ ਨੇ ਇਨ੍ਹਾਂ ਹੁਕਾਮਾਂ ਨੂੰ ਸਰਕਾਰ ਵੱਲੋਂ ਰੱਦ ਕਰਨ ਬਾਰੇ ਕਿਹਾ ਪਰ ਉਹ ਕਿਸਾਨਾਂ ਨੂੰ ਰੱਦ ਕੀਤੇ ਹੁਕਮਾਂ ਵਾਲਾ ਪੱਤਰ ਨਹੀਂ ਦਿਖਾ ਸਕੇ| ਇਸ ’ਤੇ ਟੀਮ ਨੂੰ ਕਿਸਾਨਾਂ ਦੇ ਹੋਰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ| ਇਸ ’ਤੇ ਟੀਮ ਨੇ ਮੌਕੇ ਤੋਂ ਖਿਸਕ ਜਾਣ ਵਿੱਚ ਹੀ ਭਲਾ ਸਮਝਿਆ| ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਮੋਬਾਈਲ ’ਤੇ ਸੰਪਰਕ ਕਰਨ ’ਤੇ ਕੋਈ ਹੁੰਗਾਰਾ ਨਹੀਂ ਦਿੱਤਾ|