ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 12 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਮੁਰਾਦਪੁਰਾ ਵਿੱਚ ਬਣ ਰਹੇ ਦਿੱਲੀ-ਕੱਟੜਾ ਹਾਈਵੇਅ ਲਈ ਜ਼ਮੀਨ ’ਤੇ ਕਬਜ਼ਾ ਕਰਨ ਆਏ ਅਧਿਕਾਰੀਆ ਨੂੰ ਬੇਰੰਗ ਮੋੜਿਆ ਗਿਆ। ਇਸ ਮੌਕੇ ਅਟਾਰੀ ਬਲਾਕ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਜਦੋਂ ਹਾਈਵੇਅ ਅਧਿਕਾਰੀ ਅਤੇ ਠੇਕੇਦਾਰ ਮਸ਼ੀਨਰੀ ਲੈ ਕੇ ਜ਼ਮੀਨਾਂ ’ਤੇ ਕਬਜ਼ੇ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਗਿਆ।
ਇਸ ਦੌਰਾਨ ਕਿਸਾਨ ਆਗੂਆਂ ਨੇ ਅਧਿਕਾਰੀਆਂ ਨੂੰ ਕਿਹਾ,‘ ਤੁਸੀਂ ਜਿਨ੍ਹਾਂ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹੋ ਉਨ੍ਹਾਂ ਨੂੰ ਤਾਂ ਅਜੇ ਜ਼ਮੀਨ ਦੇ ਪੈਸੇ ਵੀ ਨਹੀਂ ਮਿਲੇ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਅਜੇ ਕੁਮਾਰ ਅਤੇ ਥਾਣਾ ਕੰਬੋਅ ਦੇ ਐੱਸਐੱਚਓ ਜਸਜੀਤ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੰਨਾ ਚਿਰ ਜ਼ਮੀਨ ਦੇ ਅਸਲ ਮਾਲਕਾਂ ਨੂੰ ਪੈਸੇ ਨਹੀਂ ਮਿਲ ਜਾਂਦੇ, ਉਨਾ ਚਿਰ ਕਬਜ਼ਾ ਨਹੀਂ ਲਿਆ ਜਾਵੇਗਾ। ਆਗੂਆਂ ਮੰਗ ਕੀਤੀ ਕਿ ਜਿੰਨਾ ਨੁਕਸਾਨ ਹੋਇਆ ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪਲਵਿੰਦਰ ਸਿੰਘ ਮਾਹਲ, ਡਾ. ਪਰਮਿੰਦਰ ਸਿੰਘ ਪੰਡੋਰੀ, ਕੁਲਬੀਰ ਜੇਠੂਵਾਲ, ਸੰਮੀ ਸ਼ਾਹ, ਹਰਪਾਲ ਸਿੰਘ, ਸੁਖਜਿੰਦਰ ਸਿੰਘ ਨੰਗਲੀ, ਗੋਰਾ ਨੰਗਲੀ, ਕਾਬਿਲ ਸਿੰਘ ਬੱਲ ਤੇ ਹਰਦਿਆਲ ਸਿੰਘ ਮੁਰਾਦਪੁਰਾ ਆਦਿ ਕਿਸਾਨ ਹਾਜ਼ਰ ਸਨ।