ਪੱਤਰ ਪ੍ਰੇਰਕ
ਮਾਨਸਰ, 29 ਮਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਨਸਰ ’ਤੇ ਲਗਾਇਆ ਧਰਨਾ ਅੱਜ 231ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦਿੱਲੀ ਪੁਲੀਸ ਵੱਲੋਂ ਦਿੱਲੀ ਹਾਈ ਕੋਰਟ ਵਿੱਚ 26 ਜਨਵਰੀ ਦੀਆਂ ਘਟਨਾਵਾਂ ਸਬੰਧੀ ਪੇਸ਼ ਚਾਰਜਸ਼ੀਟ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਲਈ ਇਕ ਨਵਾਂ ਸ਼ੋਸ਼ਾ ਛੱਡ ਰਹੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਆਂ ਪਾਬੰਦੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਤਾਨਾਸ਼ਾਹ ਸਰਕਾਰਾਂ ਹਮੇਸ਼ਾ ਵਿਚਾਰਾਂ ਤੋਂ ਡਰਿਆ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਭਾਜਪਾ ਦੇ ਪਤਨ ਦਾ ਕਾਰਨ ਬਣਨਗੀਆਂ। ਇਸ ਮੌਕੇ ਨਰਿੰਦਰ ਸਿੰਘ ਗੋਲੀ, ਰਵਿੰਦਰ ਸਿੰਘ ਰਵੀ, ਬਲਦੇਵ ਕ੍ਰਿਸਨ, ਮਾਸਟਰ ਦਰਸ਼ਨ ਸਿੰਘ, ਬਲਕਾਰ ਸਿੰਘ ਮੱਲ੍ਹੀ, ਬਲਦੇਵ ਸਿੰਘ ਗਾਲੜੀਆਂ, ਇੰਦਰਜੀਤ ਸਿੰਘ ਹਿਯਾਤਪੁਰ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਪੰਜਾਬ ਵਿਚ ਅਤੇ 6 ਮਹੀਨਿਆਂ ਤੋਂ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਲਗਾਏ ਮੋਰਚੇ ’ਚ ਕਿਸਾਨ ਤੇ ਮਜ਼ਦੂਰ ਪਹਿਲਾਂ ਵਾਂਗ ਹੀ ਵਹੀਰਾਂ ਘੱਤ ਕੇ ਜਾ ਰਹੇ ਹਨ। ਹਾੜ੍ਹੀ ਦੀਆਂ ਫ਼ਸਲਾਂ ਤੋਂ ਮੁਕਤ ਹੋ ਕੇ ਕਿਸਾਨ ਮਜ਼ਦੂਰ ਵਿਸ਼ਾਲ ਜਥਿਆਂ ਦੇ ਰੂਪ ਵਿਚ ਦਿੱਲੀ ਸੰਘਰਸ਼ ਵਿਚ ਹਾਜ਼ਰੀਆਂ ਭਰ ਰਹੇ ਹਨ। ਇਹ ਵਿਚਾਰ ਕਿਸਾਨ ਆਗੂ ਪਰਮਿੰਦਰ ਸਿੰਘ ਲਾਚੋਵਾਲ, ਗੁਰਦੀਪ ਸਿੰਘ ਖੁਣ-ਖੁਣ ਤੇ ਉਂਕਾਰ ਸਿੰਘ ਧਾਮੀ ਨੇ ਅੱਜ ਇੱਥੇ ਲਾਚੋਵਾਲ ਚਟੋਲ ਪਲਾਜ਼ਾ ’ਤੇ ਧਰਨੇ ਦੌਰਾਨ ਪ੍ਰਗਟ ਕੀਤੇ।