ਹਰਜੀਤ ਸਿੰਘ ਪਰਮਾਰ
ਬਟਾਲਾ, 8 ਦਸੰਬਰ
ਜਲੰਧਰ ਰੋਡ ’ਤੇ ਸਥਿਤ ਇੱਕ ਆਈਲੈੱਟਸ ਸੈਂਟਰ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਹੋਈ ਤਕਰਾਰ ਦੌਰਾਨ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸਨੂੰ ਉਸ ਦੇ ਸਾਥੀਆਂ ਨੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਣੇਵਾਂ ਲਵਪ੍ਰੀਤ ਸਿੰਘ ਕਾਫ਼ੀ ਸਮੇਂ ਤੋਂ ਉਸ ਕੋਲ ਹੀ ਰਹਿ ਰਿਹਾ ਹੈ ਅਤੇ ਉਹ ਜਲੰਧਰ ਰੋਡ ’ਤੇ ਆਈਲਟਸ ਸੈਂਟਰ ਵਿੱਚ ਪੜ੍ਹਦਾ ਹੈ ਜਿੱਥੇ ਉਸ ਦੀ ਇੱਕ ਨੌਜਵਾਨ ਨਾਲ ਤਕਰਾਰ ਹੋ ਗਈ ਸੀ ਜਿਸ ਕਰਕੇ ਉਹ ਆਪਣੇ ਲੜਕੇ ਲਵਨੀਤ ਸਿੰਘ ਨਾਲ ਪਹੁੰਚਿਆ ਅਤੇ ਦੋਵਾਂ ਦਾ ਸਮਝੌਤਾ ਕਰਵਾ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਭਣੇਵੇਂ ਨੂੰ ਲੈ ਕੇ ਵਾਪਸ ਘਰ ਜਾ ਰਿਹਾ ਸੀ ਕਿ ਉਸ ਨੂੰ ਪਤਾ ਲੱਗਾ ਕਿ ਦੂਜੀ ਧਿਰ ਦੇ ਕੁਝ ਨੌਜਵਾਨਾਂ ਨੇ ਲਵਨੀਤ ਸਿੰਘ ’ਤੇ ਗੋਲੀ ਚਲਾ ਦਿੱਤੀ ਹੈ। ਉਸ ਨੇ ਦੱਸਿਆ ਕਿ ਜ਼ਖਮੀ ਹਾਲਤ ਵਿੱਚ ਉਸ ਦੇ ਲੜਕੇ ਨੂੰ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਆਈਲੈੱਟਸ ਸੈਂਟਰ ਦੇ ਬਾਹਰ ਨੌਜਵਾਨਾਂ ਦੀਆਂ ਦੋ ਧਿਰਾਂ ਦਰਮਿਆਨ ਕਿਸੇ ਲੜਕੀ ਨੂੰ ਲੈ ਕੇ ਤਕਰਾਰ ਹੋ ਗਈ ਸੀ ਅਤੇ ਇਸ ਦੌਰਾਨ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਗੋਲੀ ਜ਼ਖ਼ਮੀ ਨੌਜਵਾਨ ਦੇ ਮੋਢੇ ਵਿੱਚ ਲੱਗੀ ਹੈ। ਪੁਲੀਸ ਵਾਰਦਾਤ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਪੱਖ ਦੇ ਬਿਆਨ ਦਰਜ ਕਰਨ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।