ਜਗਤਾਰ ਸਿੰਘ ਛਿੱਤ/ਲਖਨਪਾਲ ਸਿੰਘ
ਜੈਂਤੀਪੁਰ/ਮਜੀਠਾ, 18 ਅਗਸਤ
ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਤੇ ਵਿਧਾਇਕ ਗੁਨੀਵ ਕੌਰ ਅਤੇ ਹਲਕਾ ਮਜੀਠਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਜਿੱਥੇ ਆਪਣੀ ਰਿਹਾਈ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਉੱਥੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਵੀ ਕੀਤੀ।
ਇਸ ਮੌਕੇ ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ,‘ਮੇਰੇ ਸਿਆਸੀ ਵਿਰੋਧੀਆਂ ਨੇ ਮੈਨੂੰ ਬਦਨਾਮ ਕਰਨ ਲਈ ਬਿਨਾਂ ਸਬੂਤਾਂ ਤੋਂ ਝੂਠੇ ਕੇਸ ਵਿੱਚ ਫਸਾਇਆ, ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ’ਤੇ ਰਿਹਾਅ ਕਰਕੇ ਵਿਰੋਧੀਆਂ ਦੇ ਮਾੜੇ ਮਨਸੂਬੇ ਜ਼ਾਹਰ ਕਰ ਦਿੱਤੇ। ਉਨ੍ਹਾਂ ਕਿਹਾ,‘ਮੈਂ ਹਮੇਸ਼ਾ ਹਲਕਾ ਮਜੀਠਾ ਦੀ ਸਮੂਹ ਸੰਗਤ ਦਾ ਰਿਣੀ ਰਹਾਂਗਾ, ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਮੈਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਬਲ ਮਿਲਿਆ ਹੈ।’ ਇਸ ਮੌਕੇ ਹਲਕਾ ਮਜੀਠਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਗਿੱਲ, ਲਾਭ ਸਿੰਘ ਬੱਗਾ, ਪ੍ਰਧਾਨ ਅਮਰਪਾਲ ਸਿੰਘ ਪਾਲੀ, ਸਰਪੰਚ ਜਸਪਾਲ ਸਿੰਘ ਭੋਆ, ਸਰਪੰਚ ਦਲਜੀਤ ਸਿੰਘ ਤਲਵੰਡੀ, ਸਰਪੰਚ ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਲਖਬੀਰ ਸਿੰਘ ਸਹਿਣੇ ਵਾਲੀ, ਸਣੇ ਹੋਰ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।