ਪੱਤਰ ਪ੍ਰੇਰਕ
ਪਠਾਨਕੋਟ, 27 ਅਗਸਤ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਰੱਦ ਕਰਵਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ 4 ਕਿਰਤ ਕੋਡ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਰਤ ਕਾਨੂੰਨਾਂ ਦੇ ਲਾਗੂ ਹੋਣ ਨਾਲ ਲੇਬਰ ਇੰਸਪੈਕਟਰ ਦੀ ਭੂਮਿਕਾ ਮਾਲਕਾਂ ਪੱਖੀ ਬਣ ਕੇ ਰਹਿ ਜਾਵੇਗੀ। ਫੈਕਟਰੀ ਕਾਨੂੰਨ, ਕੰਸਟਰਕਸ਼ਨ ਵਰਕਰਜ਼ ਕਾਨੂੰਨ ਆਦਿ ਖ਼ਤਮ ਕਰ ਦਿੱਤੇ ਗਏ ਹਨ। ਔਰਤਾਂ ਲਈ ਬਰਾਬਰ ਕੰਮ ਬਰਾਬਰ ਵੇਤਨ ਕਾਨੂੰਨ ਖ਼ਤਮ ਕਰ ਦਿੱਤਾ ਗਿਆ ਹੈ। ਕਿਰਤੀਆਂ ਦਾ ਯੂਨੀਅਨ ਬਣਾਉਣ ਦਾ ਅਧਿਕਾਰ ਖ਼ਤਮ ਅਤੇ ਮਾਲਕ ਕੋਲ ਕਿਰਤੀ ਨੂੰ ਕੰਮ ’ਤੇ ਰੱਖਣ ਤੇ ਕੱਢਣ ਦਾ ਅਧਿਕਾਰ ਦੇਣਾ, ਮਜ਼ਦੂਰਾਂ ਦੇ ਕੰਮ ਦੀ ਸੁਰੱਖਿਆ ਉੱਤੇ ਵੱਡੀ ਸੱਟ ਹੈ। ਇਸ ਤਰ੍ਹਾਂ ਇਹ ਚਾਰੇ ਕਿਰਤ ਕੋਡ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਅਤੇ ਮਾਲਕ ਪੱਖੀ ਹਨ, ਜਿਨ੍ਹਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਇਸ ਵਫਦ ਵਿੱਚ ਸੰਸਾਰ ਸਿੰਘ, ਜੋਗਿੰਦਰ ਪਾਲ, ਮੁਖਤਿਆਰ ਸਿੰਘ, ਵਿਜੈ ਕੁਮਾਰ ਅਤੇ ਕਮਲ ਕਿਸ਼ੋਰ ਸ਼ਾਮਲ ਸਨ।