ਗੁਰਬਖਸ਼ਪੁਰੀ
ਤਰਨ ਤਾਰਨ, 9 ਮਾਰਚ
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ’ਤੇ ਬਣਾਈ ਜਾ ਰਹੀ ਫਿਲਮ ਦੀ ਸ਼ੂਟਿੰਗ ਇੱਥੇ ਅੱਜ ਫਿਰ ਰੁਕਵਾ ਦਿੱਤੀ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ੂਟਿੰਗ ਟੀਮ ਖਿਲਾਫ਼ ਧਰਨਾ ਦਿੱਤਾ ਅਤੇ ਟੀਮ ਨੂੰ ਸ਼ੂਟਿੰਗ ਕਰਨ ਤੋਂ ਰੋਕ ਦਿੱਤਾ| ਜ਼ਿਕਰਯੋਗ ਹੈ ਕਿ ਇਹ ਟੀਮ ਸੋਮਵਾਰ ਨੂੰ ਵੀ ਇਥੇ ਆਈ ਸੀ ਅਤੇ ਉਸ ਦਿਨ ਵੀ ਕੇਐੱਮਓ ਸਮੇਤ ਹੋਰ ਸਿੱਖ ਜਥੇਬੰਦੀਆਂ ਵਲੋਂ ਇਤਰਾਜ਼ ਕਰਨ ’ਤੇ ਟੀਮ ਸ਼ੂਟਿੰਗ ਨਹੀਂ ਸੀ ਕਰ ਸਕੀ| ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਤੇ ਤ੍ਰੇਨ ਹਨੀ ਪ੍ਰੋਡਕਸ਼ਨ ਵਲੋਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਇਕ ਫਿਲਮ ਬਣਾਈ ਜਾ ਰਹੀ, ਜਿਸ ਬਾਰੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕੋਈ ਆਗਿਆ ਪ੍ਰਾਪਤ ਨਹੀਂ ਕੀਤੀ| ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣਾ ਜੀਵਨ ਮਨੁੱਖੀ ਹੱਕਾਂ ਲਈ ਕੁਰਬਾਨ ਕੀਤਾ ਹੈ ਜਿਸ ਨੂੰ ਉਹ ਇਕ ਮਨੋਰੰਜਨ ਦਾ ਸਾਧਨ ਨਹੀਂ ਬਣਨ ਦੇਣਗੇ| ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਸੂਬੇ ਦੇ ਡੀਜੀਪੀ ਨੂੰ ਵੀ ਇਕ ਸ਼ਿਕਾਇਤ ਪੱਤਰ ਲਿੱਖਿਆ ਹੈ| ਧਰਨਾ ਦੇਣ ਵਾਲੀਆਂ ਜਥੇਬੰਦੀਆਂ ਵਿੱਚ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੋਂ ਇਲਾਵਾ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਵਰਕਰ ਵੀ ਸ਼ਾਮਲ ਸਨ| ਜਥੇਬੰਦੀਆਂ ਨੇ ਇਸ ਸਬੰਧੀ ਦਲਜੀਤ ਦੋਸਾਂਝ ਅਤੇ ਉਸ ਦੀ ਕੰਪਨੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ|
ਜਥੇਬੰਦੀਆਂ ਨੇ ਰਾਜਪਾਲ ਤੇ ਡੀਜੀਪੀ ਨੂੰ ਸ਼ਿਕਾਇਤ ਪੱਤਰ ਭੇਜੇ
ਅੰਮ੍ਰਿਤਸਰ (ਪੱਤਰ ਪ੍ਰੇਰਕ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਵਰਕਰਾਂ ਨੇ ਦਲਜੀਤ ਦੁਸਾਂਝ ਵਲੋਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਬਣਾਉਣ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਹੈ। ਜਥੇਬੰਦੀਆਂ ਨੇ ਗਵਰਨਰ ਪੰਜਾਬ, ਡੀਜੀਪੀ ਪੰਜਾਬ, ਡੀ.ਸੀ. ਤਰਨ ਤਾਰਨ ਤੇ ਹੋਰ ਪੁਲੀਸ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਭੇਜ ਕੇ ਦੁਸਾਂਝ ਤੇ ਤ੍ਰੇਨ ਹਨੀ ਪ੍ਰੋਡਕਸ਼ਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।