ਗੁਰਬਖ਼ਸ਼ਪੁਰੀ
ਤਰਨ ਤਾਰਨ, 22 ਜੂਨ
ਪਿੰਡ ਕੋਹਾੜਕਾ ਦੇ ਅਨੂੁਸੂਚਿਤ ਜਾਤੀ ਦੇ 40 ਬੇਘਰੇ ਪਰਿਵਾਰਾਂ ਨੂੰ ਘਰ ਬਨਾਉਣ ਲਈ ਪੰਜ-ਪੰਜ ਮਰਲੇ ਦੇ ਪੰਚਾਇਤ ਵੱਲੋਂ ਅਲਾਟ ਕੀਤੇ ਪਲਾਟਾਂ ਦੀ ਬੋਲੀ ਕਰਵਾਉਣ ਨੂੰ ਲੈ ਕੇ ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ| ਇਨ੍ਹਾਂ ਪਲਾਟਾਂ ਨੂੰ ਲੈ ਕੇ ਸਬੰਧਤ ਪਰਿਵਾਰ ਅਤੇ ਪ੍ਰਸ਼ਾਸਨ ਵੱਲੋਂ ਆਪੋ-ਆਪਣੇ ਸਟੈਂਡ ’ਤੇ ਅੜੇ ਰਹਿਣ ਕਰਕੇ ਪਿੰਡ ਅੰਦਰ ਸਥਿਤੀ ਬੇਕਾਬੂ ਹੋਣ ਦੀ ਸੰਭਾਵਨਾ ਕਾਰਨ ਪ੍ਰਸ਼ਾਸਨ ਵੱਲੋਂ ਅੱਜ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ| ਪਿੰਡ ਦੇ ਇਹ 40 ਪਰਿਵਾਰ ਅਲਾਟ ਕੀਤੇ ਪਲਾਟਾਂ ’ਤੇ ਬੀਤੇ ਦੋ ਹਫਤਿਆਂ ਤੋਂ ਦਲਿਤ ਦਾਸਤਾਨ ਵਿਰੋਧੀ ਅੰਦੋਲਨ ਜਥੇਬੰਦੀ ਦੇ ਆਗੂ ਰਣਜੀਤ ਸਿੰਘ ਦੀ ਅਗਵਾਈ ਵਿੱਚ ਰਾਤ-ਦਿਨ ਧਰਨਾ ਦੇ ਰਹੇ ਹਨ|
ਇਨ੍ਹਾਂ ਪਰਿਵਾਰਾਂ ਨੂੰ ਪਲਾਟ ਦੇਣ ਲਈ ਸਰਟੀਫਿਕੇਟ ਪਿੰਡ ਦੀ ਪੰਚਾਇਤ ਵੱਲੋਂ ਇਕ ਮਤਾ ਪਾਸ ਕਰ ਕੇ ਦਿੱਤੇ ਗਏ ਹਨ| ਰਣਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਧਰਨਾਕਾਰੀ ਪਰਿਵਾਰਾਂ ਨੂੰ ਬਲਾਕ ਨੌਸ਼ਹਿਰਾ ਪੰਨੂਆਂ ਦੇ ਬੀਡੀਪੀਓ ਅਮਨ ਸ਼ਰਮਾ ਵੱਲੋਂ ਅੱਜ ਪਲਾਟ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਅਧਿਕਾਰੀ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਪਰਿਵਾਰ ਆਪਣੇ ਪਲਾਟਾਂ ’ਤੇ ਡਟੇ ਰਹੇ| ਇਸ ਦੇ ਉਲਟ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਅਨੁਸੂਚਿਤ ਪਰਿਵਾਰ ਸਰਪੰਚ ਦੇ ਕਥਿਤ ਇਸ਼ਾਰਿਆਂ ’ਤੇ ਜ਼ਮੀਨ ’ਤੇ ਕਬਜ਼ਾ ਕਰ ਰਹੇ ਹਨ| ਅਧਿਕਾਰੀ ਨੇ ਕਿਹਾ ਕਿ ਇਸ ਜ਼ਮੀਨ ਦੀ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨੌਸ਼ਹਿਰਾ ਪੰਨੂੰਆਂ ਅਮਨ ਸ਼ਰਮਾ ਵੱਲੋਂ ਅੱਜ ਬੋਲੀ ਕਰਵਾਈ ਜਾਣੀ ਹੈ|
ਹੱਕਾਂ ਲਈ ਡਟੇ ਰਹਿਣ ਦਾ ਅਹਿਦ
ਅਨੁਸੂਚਿਤ ਜਾਤੀ ਪਰਿਵਾਰਾਂ ਦੇ ਆਗੂ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਜਗੀਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਆਦਿ ਨੇ ਕਿਹਾ ਕਿ ਉਹ ਆਪਣੇ ਹੱਕ ਲੈਣ ਤੱਕ ਮੌਕੇ ’ਤੇ ਡਟੇ ਰਹਿਣਗੇ ਅਤੇ ਆਪਣੇ ਪਲਾਟ ਕਿਸੇ ਵੀ ਕੀਮਤ ’ਤੇ ਛੱਡਣ ਵਾਲੇ ਨਹੀਂ ਹਨ|