ਜਤਿੰਦਰ ਬੈਂਸ
ਗੁਰਦਾਸਪੁਰ, 16 ਸਤੰਬਰ
ਪੰਜਾਬ ਟੈਂਟ ਅਤੇ ਪੈਲੇਸ ਡੀਲਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਅਗਵਾਈ ਹੇਠ ਕਾਰੋਬਾਰ ਨਾਲ ਜੁੜੇ ਵੱਖ-ਵੱਖ ਲੋਕਾਂ ਵੱਲੋਂ ਕਰੋਨਾ ਕਾਰਨ ਬੰਦ ਕੀਤੇ ਕਾਰੋਬਾਰ ਨੂੰ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ।
ਪੈਲੇਸ, ਟੈਂਟ, ਫੋਟੋਗ੍ਰਾਫ਼ਰ ਅਤੇ ਹੋਰ ਸਬੰਧਤ ਨੇ ਰੋਸ ਕੀਤਾ ਕਿ ਕਰੋਨਾ ਮਹਾਂਮਾਰੀ ਕਾਰਨ ਕਰੀਬ ਛੇ ਮਹੀਨਿਆਂ ਤੋਂ ਵਿਹਲੇ ਬੈਠੇ ਹੋਣ ਕਾਰਨ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਅੱਜੇ ਤੱਕ ਕੋਈ ਰਾਹਤ ਨਹੀਂ ਦਿੱਤੀ ਗਈ । ਉਨ੍ਹਾਂ ਕਿਹਾ ਕਿ ਪੈਲੇਸ ਵੱਡੇ ਹੋਣ ਕਾਰਨ ਸਰਕਾਰ ਦੀਆਂ ਹਦਾਇਤਾਂ ਦਾ ਸਹੀ ਢੰਗ ਨਾਲ ਪਾਲਣ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੈਲੇਸ ਕਾਰੋਬਾਰ ਨਾਲ ਜੁੜੇ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨਾਲ ਗੱਲ ਕਰਕੇ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗ ਨਾ ਮੰਨੀ ਤਾਂ ਆਪਣੇ ਕਾਰੋਬਾਰ ਨੂੰ ਤਾਲੇ ਲਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ ਅਤੇ ਸਰਕਾਰੀ ਕੰਮਾਂ ਦਾ ਬਾਈਕਾਟ ਵੀ ਕਰਨਗੇ।