ਪੱਤਰ ਪ੍ਰੇਰਕ
ਕਰਤਾਰਪੁਰ, 29 ਅਪਰੈਲ
ਇੱਥੋਂ ਦੇ ਸੇਂਟ ਫ਼ਰਾਂਸਿਸ ਕਾਨਵੈਂਟ ਸਕੂਲ ਵਿੱਚ ਫੀਸਾਂ ਦੇ ਮਾਮਲੇ ਨੂੰ ਲੈ ਕੇ ਪ੍ਰਬੰਧਕਾਂ ਤੇ ਮਾਪਿਆਂ ਦਰਮਿਆਨ ਟਕਰਾਅ ਵਧ ਗਿਆ। ਇਸ ਤੋਂ ਭੜਕੇ ਹੋਏ ਮਾਪਿਆਂ ਨੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ। ਮਾਮਲਾ ਵਧਦਾ ਦੇਖ ਸਕੂਲ ਦਾ ਗੇਟ ਬੰਦ ਕਰ ਦਿੱਤਾ ਗਿਆ ਸੀ। ਮਾਮਲਾ ਵਧਦਾ ਦੇਖ ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਸਾਥੀਆਂ ਸਮੇਤ ਪਹੁੰਚ ਕੇ ਸਕੂਲ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਦਰਮਿਆਨ ਕੜੀ ਬਣ ਕੇ ਮਾਮਲਾ ਸੁਲਝਾਉਣ ਲਈ ਯਤਨ ਕੀਤੇ। ਇਸ ਮੌਕੇ ਬੱਚਿਆਂ ਦੇ ਮਾਪੇ ਸਤਿੰਦਰ ਸਿੰਘ ਮੱਲੀਆਂ, ਦਲਜਿੰਦਰ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਕਰੋਨਾ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਚੁੱਕੇ ਹਨ ਪਰ ਇਸ ਦੇ ਉਲਟ ਸਕੂਲ ਪ੍ਰਬੰਧਕ ਸਮਾਰਟ ਕਲਾਸ ਸਾਲਾਨਾ ਫੰਡ ਸਮੇਤ ਹੋਰ ਵਾਧੂ ਖਰਚਿਆਂ ਦਾ ਆਰਥਿਕ ਬੋਝ ਪਾ ਰਹੇ ਹਨ। ਸਕੂਲ ਦੇ ਕੋਆਰਡੀਨੇਟਰ ਅਮਿਤ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਤੇ ਪ੍ਰਬੰਧਕਾਂ ਦਰਮਿਆਨ ਸਿਰਫ਼ ਟਿਊਸ਼ਨ ਫ਼ੀਸ ਲੈਣ ਦੀ ਸਹਿਮਤੀ ਹੋ ਗਈ ਹੈ।