ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 6 ਜੁਲਾਈ
ਨਰਸਿੰਗ ਦੀ ਭਰਤੀ ਸਬੰਧੀ ਆਪਣੀਆਂ ਧੀਆਂ ਦਾ ਟੈਸਟ ਦੁਆਉਣ ਆਏ ਮਾਪੇ ਭਰ ਗਰਮੀ ਵਿੱਚ ਇੱਥੇ ਇੰਸਟੀਚਿਊਟ ਆਫ ਨਰਸਿੰਗ ਯੂਨੀਵਰਸਿਟੀ ਰਿਜਨਲ ਸੈਂਟਰ ਵਿੱਚ ਦੋ ਬੂੰਦ ਪਾਣੀ ਨੂੰ ਤਰਸਦੇ ਰਹੇ। ਨਰੇਸ਼ ਕੁਮਾਰ, ਸਰਬਜੀਤ ਕੌਰ, ਕਮਲਜੀਤ ਕੌਰ, ਸੁਖਦੇਵ ਸਿੰਘ, ਰਕੇਸ਼ ਕੁਮਾਰ,ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀਆਂ ਬੱਚੀਆਂ ਦੇ ਨਰਸਿੰਗ ਟੈਸਟ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਆਏ ਹਨ ਅਤੇ ਦੋ ਘੰਟੇ ਤੱਕ ਚੱਲਣ ਵਾਲੇ ਟੈਸਟ ਦੌਰਾਨ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਪ੍ਰਬੰਧਕਾਂ ਵੱਲੋ ਬੱਚਿਆਂ ਨਾਲ ਆਏ ਮਾਪਿਆਂ ਦੇ ਬੈਠਣ ਅਤੇ ਪੀਣ ਦੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਮਾਪੇ ਯੂਨੀਵਰਸਿਟੀ ਦੇ ਬਾਹਰ ਧੁੱਪੇ ਖੜ੍ਹੇ ਟੈਸਟ ਖਤਮ ਹੋਣ ਦਾ ਇੰਤਜ਼ਾਰ ਕਰ ਕਰਦੇ ਰਹੇ। ਉਧਰ ਕਈਆਂ ਮਾਪਿਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਸ਼ੰਕਾ ਜਾਹਿਰ ਕਰਦਿਆਂ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਨਰਸਿੰਗ ਟੈਸਟ ਪ੍ਰਕਿਰਿਆ ਵਿੱਚ ਸ਼ਿਫਾਰਸੀ ਵਿਦਿਆਰਥੀਆਂ ਦੀ ਪ੍ਰਬੰਧਕਾਂ ਵੱਲੋਂ ਮੱਦਦ ਕਰਨ ਦਾ ਸ਼ੰਕਾ ਹੈ।ਪ੍ਰਿੰਸੀਪਲ ਚਰਨਜੀਤ ਕੌਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟੈਸਟ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਦੀ ਯੂਨੀਵਰਸਿਟੀ ਵਿਚ ਦਾਖ਼ਲ ਹੋਣ ਦੀ ਮਨਾਹੀ ਹੈ। ਟੈਸਟ ਬਿਲਕੁੱਲ ਪਾਰਦਰਸ਼ੀ ਢੰਗ ਨਾਲ ਵੀਡੀਓ ਕੈਮਰਿਆਂ ਦੀ ਨਿਗਰਾਨੀ ਹੇਠ ਅਬਜ਼ਰਵਰਾਂ ਵੱਲੋਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੈਸਟ ਦੁਆਉਣ ਆਏ ਮਾਪਿਆਂ ਸਬੰਧੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਇਸ ਸਬੰਧੀ ਨਰਸਿੰਗ ਟੈਸਟ ਪ੍ਰਕਿਰਿਆ ਸਬੰਧੀ ਨੋਡਲ ਅਫਸਰ ਨਿਯੁਕਤ ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਟੈਸਟ ਦੌਰਾਨ ਡਿਪਟੀ ਕਮਿਸ਼ਨਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਪ੍ਰਬੰਧਕਾਂ ਨੂੰ ਟੈਸਟ ਦੇਣ ਆਏ ਵਿਦਿਆਰਥੀਆਂ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਨਾਲ ਟੈਸਟ ਦੁਆਉਣ ਆਏ ਮਾਪਿਆਂ ਸਬੰਧੀ ਉਨ੍ਹਾਂ ਕੋਲ ਕਿਸੇ ਪ੍ਰਬੰਧ ਦੇ ਹੁਕਮ ਨਹੀਂ ਹਨ।