ਪੱਤਰ ਪ੍ਰੇਰਕ
ਅਜਨਾਲਾ, 15 ਜੁਲਾਈ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸ਼ੂਰੂ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਮਦਾਸ ਤੱਕ ਕੌਮੀ ਮਾਰਗ ਅਧੀਨ ਕਰੀਬ 35 ਕਿਲੋਮੀਟਰ ਬਣ ਰਹੀ ਚਹੁੰ-ਮਾਰਗੀ ਸੜਕ ਦੇ ਕੰਮ ਵਿੱਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਸ਼ਾਸਨਿਕ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨਾਲ ਸੜਕ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਈ ਜਗ੍ਹਾ ’ਤੇ ਸੜਕ ਨਾ ਬਣਾਉਣ ਦਾ ਕਾਰਨ ਪੁੱਛਦਿਆਂ ਪ੍ਰਸ਼ਾਸਨ ਨੂੰ ਨੈਸ਼ਨਲ ਹਾਈਵੇਅ ਵੱਲੋਂ ਐਕੁਆਇਰ ਕੀਤੀ ਜਗ੍ਹਾ ਦੇ ਸਬੰਧਤ ਕਿਸਾਨਾਂ ਦੇ ਖਾਤਿਆਂ ਵਿੱਚ ਬਣਦੀ ਅਦਾਇਗੀ ਤੁਰੰਤ ਕਰਨ ਲਈ ਕਿਹਾ।
ਸ੍ਰੀ ਔਜਲਾ ਨੇ ਕਿਹਾ ਕਿ ਇਸ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨਾਂ ਦੇ ਹੱਲ ਲਈ ਕਮੇਟੀ ਬਣਾ ਦਿੱਤੀ ਗਈ ਹੈ ਜੋ ਇਸ ਸੜਕ ’ਤੇ ਬਿਜਲੀ, ਜਲ-ਸਪਲਾਈ, ਨਾਲਿਆਂ ਤੇ ਜੰਗਲਾਤ ਸਮੇਤ ਹੋਰ ਮਸਲਿਆਂ ਸਬੰਧੀ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਬਾਈਪਾਸ ਤੋਂ ਸ਼ਹਿਰ ਅਜਨਾਲਾ, ਪਿੰਡ, ਗੱਗੋਮਾਹਲ, ਥੋਬਾ, ਅਵਾਣ ਵਿੱਚ ਬਣਦੀ ਕਰੀਬ 10 ਕਿਲੋਮੀਟਰ ਸੜਕ ਦੀ ਨਵੇਂ ਸਿਰੇ ਤੋਂ ਮੁਰੰਮਤ ਹੋਵੇਗੀ ਜਿਸ ਦੇ ਟੈਂਡਰ ਹੋ ਗਏ ਹਨ ਜੋ ਬਰਸਾਤ ਖਤਮ ਹੋਣ ਉਪਰੰਤ ਬਣਨੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਐੱਸਡੀਐੱਮ ਅਰਵਿੰਦਰਪਾਲ ਸਿੰਘ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ ਤੇ ਨਿਸ਼ਾਨ ਸਿੰਘ ਸਮੇਤ ਪ੍ਰਸ਼ਾਸਨਿਕ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਮੌਜੂਦ ਸਨ।