ਐੱਨ.ਪੀ.ਧਵਨ
ਪਠਾਨਕੋਟ, 16 ਜੁਲਾਈ
ਏਅਰਬੇਸ ’ਤੇ ਹੋਏ ਅਤਿਵਾਦੀ ਹਮਲੇ ਬਾਅਦ ਅਤੇ ਵਾਰ-ਵਾਰ ਸਰਹੱਦੀ ਖੇਤਰਾਂ ਵਿੱਚ ਸ਼ੱਕੀਆਂ ਨੂੰ ਦੇਖੇ ਜਾਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੁਲੀਸ ਵਿੱਚ ਤਿੰਨ ਸਪੈਸ਼ਲ ਕੁਇਕ ਰਿਸਪੌਂਸ ਟੀਮਾਂ (ਕਿਊਆਰਟੀ) ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪੁਲੀਸ ਦੇ ਉਹ ਵਿਸ਼ੇਸ਼ ਦਸਤੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਆਰਮੀ ਨਾਲ ਮਿਲ ਕੇ ਕਮਾਂਡੋਜ਼ ਟ੍ਰੇਨਿੰਗ ਦਿੱਤੀ ਗਈ ਹੈ।
ਜ਼ਿਲ੍ਹਾ ਪੁਲੀਸ ਵੱਲੋਂ ਲਮੀਨੀ ਸਥਿਤ ਸਟੇਡੀਅਮ ਵਿੱਚ ਕੀਤੇ ਗਏ ਸਮਾਗਮ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸੋਹੇਲ ਕਾਸਿਮ ਮੀਰ ਨੇ 3 ਕਿਊਆਰਟੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਾਨਾ ਕਰਨ ਤੋਂ ਪਹਿਲਾਂ ਸਾਬਕਾ ਕਿਊਆਰਟੀ ਦੇ ਟੀਮ ਮੈਂਬਰਾਂ ਵੱਲੋਂ ਲਈ ਗਈ ਟ੍ਰੇਨਿੰਗ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਅਤਿਵਾਦ ਅਤੇ ਹਰ ਸਥਿਤੀ ਨੂੰ ਸੰਭਾਲਣ ਲਈ ਝਾਕੀਆਂ ਦਿਖਾਈਆਂ ਗਈਆਂ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਦਸਤੇ ਵਿੱਚ ਸ਼ਾਮਲ ਪੁਲੀਸ ਵਾਲਿਆਂ ਨੂੰ ਚਾਕੂ ਨਾਲ ਹਮਲਾ, ਨਿਹੱਥੇ ਮੁਕਾਬਲਾ, ਹਥਿਆਰ ਸੰਭਾਲਣ ਅਤੇ ਸੁਰੱਖਿਆ ਦੇ ਦ੍ਰਿਸ਼ਟੀ ਤੋਂ ਟੈਕਨੀਕਲ ਮੂਵਮੈਂਟ ਦੀ ਟ੍ਰੇਨਿੰਗ ਦਿੱਤੀ ਗਈ ਜੋ ਹਰ ਸਥਿਤੀ ਨੂੰ ਨਿਪਟਣ ਵਿੱਚ ਸਮਰੱਥ ਹੋਵੇਗੀ। ਇਸ ਦੌਰਾਨ ਟੀਮ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਸੇਫਟੀ ਉਪਕਰਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜ਼ਿਲ੍ਹਾ ਪੁਲੀਸ ਮੁਖੀ ਸੋਹਲ ਕਾਸਿਮ ਮੀਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਜ਼ਿਲ੍ਹੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਪਠਾਨਕੋਟ ਪੁਲੀਸ ਵਿੱਚ 3 ਸਪੈਸ਼ਲ ਕਿਊਆਰਟੀ ਸ਼ਾਮਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਸੰਭਾਵਿਤ ਰੂਪ ਤੋਂ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿਸ ਦੇ ਚਲਦੇ ਪੁਲੀਸ ਦੇ ਸਾਹਮਣੇ ਕਈ ਚੁਣੌਤੀਆਂ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਭੁਗੋਲਿਕ ਸਥਿਤੀ ਨੂੰ ਦੇਖਦੇ ਹੋਏ 3 ਕਿਊਆਰਟੀ ਸ਼ਾਮਲ ਕੀਤੀ ਗਈ ਹੈ ਜਿਨ੍ਹਾਂ ਦੀ ਤਿੰਨਾਂ ਸਬ-ਡਿਵੀਜ਼ਨਾਂ ਵਿੱਚ ਤਾਇਨਾਤੀ ਕੀਤੀ ਜਾਵੇਗੀ।