ਐੱਨ ਪੀ ਧਵਨ
ਪਠਾਨਕੋਟ, 18 ਜੂਨ
ਸਿਵਲ ਹਸਪਤਾਲ ਵਿੱਚ ਪੀਣ ਵਾਲਾ ਪਾਣੀ ਖ਼ਤਮ ਹੋ ਜਾਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਅੱਜ ਸਾਰਾ ਦਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਜਿਉਂ ਹੀ ਮਰੀਜ਼ ਅਤੇ ਉਨ੍ਹਾਂ ਪਰਿਵਾਰਕ ਮੈਂਬਰ ਪਖਾਨੇ ਲਈ ਗਏ ਤਾਂ ਸਾਰੇ ਬਾਥਰੂਮਾਂ ਵਿੱਚ ਪਾਣੀ ਖਤਮ ਮਿਲਿਆ ਜਿਸ ਤੋਂ ਬਾਅਦ ਲੋਕਾਂ ਨੇ ਆਪੋ-ਆਪਣੇ ਸਾਧਨਾਂ ਨਾਲ ਪਾਣੀ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ 8 ਵਜੇ ਤੋਂ ਬਾਅਦ ਹਸਪਤਾਲ ਮੁਲਾਜ਼ਮ ਜਦੋਂ ਡਿਊਟੀ ਉਪਰ ਪੁੱਜੇ ਤਾਂ ਲੋਕਾਂ ਨੇ ਪਾਣੀ ਨਾ ਮਿਲਣ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਾਣੀ ਦਾ ਟੈਂਕਰ ਭੇਜਣ ਲਈ ਫੋਨ ਕੀਤਾ। ਇਸ ਮਗਰੋਂ ਨਗਰ ਨਿਗਮ ਵੱਲੋਂ ਭੇਜੇ ਗਏ ਪਾਣੀ ਦੇ ਟੈਂਕਰ ਨਾਲ ਲੋਕਾਂ ਨੇ ਆਪਣੀ ਜ਼ਰੂਰਤ ਨੂੰ ਪੂਰਾ ਕੀਤਾ।
ਜ਼ਿਕਰਯੋਗ ਹੈ ਕਿ ਹਸਪਤਾਲ ਦੀ ਮੁੱਖ ਬਿਲਡਿੰਗ ਵਿੱਚ ਬੱਚਾ ਵਾਰਡ, ਫੀਮੇਲ ਵਾਰਡ, ਮੇਲ ਵਾਰਡ, ਆਪਰੇਸ਼ਨ ਥੀਏਟਰ, ਲੇਬਰ ਰੂਮ ਆਦਿ ਵਿੱਚ 100 ਦੇ ਕਰੀਬ ਮਰੀਜ਼ ਦਾਖਲ ਹਨ ਅਤੇ ਉਨ੍ਹਾਂ ਦੀ ਦੇਖ-ਰੇਖ ਵਿੱਚ ਜੁਟੇ ਪਰਿਵਾਰਕ ਮੈਂਬਰਾਂ ਨੂੰ ਵੀ ਪਾਣੀ ਦੀ ਕਿੱਲਤ ਨਾਲ ਪ੍ਰੇਸ਼ਾਨੀ ਝੱਲਣੀ ਪਈ।
ਕਾਰਜਕਾਰੀ ਐੱਸਐੱਮਓ ਡਾ. ਸੁਨੀਲ ਚੰਦ ਨੇ ਦੱਸਿਆ ਕਿ ਪਾਣੀ ਦੀ ਕਮੀ ਪਾਈਪ ਫਟਣ ਕਾਰਨ ਹੋ ਗਈ ਸੀ, ਜਿਸ ਨੂੰ ਠੀਕ ਕਰਵਾ ਦਿੱਤਾ ਗਿਆ ਹੈ।